ਸਿਰਸਾ : ਇਥੋਂ ਦੀ ਸੀ ਆਈ ਏ ਥਾਣਾ ਪੁਲਸ ਨੇ ਗਸ਼ਤ ਦੌਰਾਨ ਦੋ ਜਣਿਆਂ ਨੂੰ ਪੌਣੇ ਤਿੰਨ ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ | ਇਹ ਅਫੀਮ ਪੰਜਾਬ ‘ਚ ਸਪਲਾਈ ਕੀਤੀ ਜਾਣੀ ਸੀ | ਪੁਲਸ ਵੱਲੋਂ ਫੜੇ ਨੌਜਵਾਨਾਂ ਦੀ ਪਛਾਣ ਸੰਜੈ ਕੁਮਾਰ ਵਾਸੀ ਰਾਸ਼ਿਕਾ ਅਤੇ ਕਰਨ ਕੁਮਾਰ ਵਾਸੀ ਝਾਰਖੰਡ ਵਜੋਂ ਕੀਤੀ ਗਈ ਹੈ | ਸੀ ਆਈ ਏ ਥਾਣਾ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਸ ਦੀ ਟੀਮ ਗਸ਼ਤ ਕਰ ਰਹੀ ਸੀ ਤਾਂ ਜਗਦੇਵ ਸਿੰਘ ਚੌਕ ਦੇ ਨੇੜੇ ਪੁਲਸ ਨੂੰ ਵੇਖ ਕੇ ਦੋ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਸ ਨੇ ਪਿੱਛਾ ਕਰਕੇ ਕਾਬੂ ਕਰ ਲਿਆ | ਇਸ ਮਗਰੋਂ ਉਨ੍ਹਾਂ ਦੀ ਫਸਟ ਕਲਾਸ ਅਧਿਕਾਰੀ ਸਾਹਮਣੇ ਤਲਾਸ਼ੀ ਲਈ ਗਈ ਤਾਂ ਅਫ਼ੀਮ ਬਰਾਮਦ ਹੋਈ, ਜਿਹੜੀ ਤੋਲਣ ‘ਤੇ ਦੋ ਕਿਲੋ 750 ਗਰਾਮ ਬਣੀ | ਦੋਵਾਂ ਖ਼ਿਲਾਫ਼ ਨਸ਼ਾ ਤਸਕਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਸ ਵੱਲੋਂ ਕੀਤੀ ਪੁੱਛ ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਅਫ਼ੀਮ ਝਾਰਖੰਡ ਤੋਂ ਲਿਆਏ ਹਨ ਅਤੇ ਇਹ ਪੰਜਾਬ ‘ਚ ਸਪਲਾਈ ਕੀਤੀ ਜਾਣੀ ਸੀ |
ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ |




