ਮਾਨ ਤੇ ਬਾਜਵਾ ਤੂੰ-ਤੂੰ, ਮੈਂ-ਮੈਂ

0
200

ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਵਿਧਾਨ ਸਭਾ ਵਿਚ ਸੋਮਵਾਰ ਰਾਜਪਾਲ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ‘ਤੇ ਬਹਿਸ ਦੌਰਾਨ ਭਿ੍ਸ਼ਟਾਚਾਰ ਨੂੰ ਲੈ ਕੇ ਆਪੋਜ਼ੀਸ਼ਨ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ |
ਬਾਜਵਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਇਸ ਬਿਆਨ ਕਿ ਭਾਜਪਾ ਨੂੰ ਕੇਂਦਰੀ ਜਾਂਚ ਏਜੰਸੀਆਂ ਦੇ ਦਫਤਰਾਂ ‘ਤੇ ਆਪਣਾ ਝੰਡਾ ਲਾ ਲੈਣਾ ਚਾਹੀਦਾ ਹੈ, ਦਾ ਹਵਾਲਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਵਿਜੀਲੈਂਸ ਦਫਤਰ ‘ਤੇ ਆਪਣਾ ਝੰਡਾ ਲਾ ਲੈਣਾ ਚਾਹੀਦਾ ਹੈ | ਮਾਨ ਨੇ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਦਾ ਧਨ ਛਕਣ ਵਾਲਾ ਕੋਈ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾ ਆਪੋਜ਼ੀਸ਼ਨ ਕਾਂਗਰਸ ਦੇ ਮੈਂਬਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸੱਚ ਛੇਤੀ ਸਾਹਮਣੇ ਆਏਗਾ ਤੇ ਕੋਈ ਬਖਸ਼ਿਆ ਨਹੀਂ ਜਾਵੇਗਾ | ਮਾਨ ਨੇ ਕਿਹਾ ਕਿ ਹਰ ਮਾਮਲੇ ਦੀ ਜਾਂਚ ਵਿਚ ਵਕਤ ਲੱਗਦਾ ਹੈ ਤੇ ਸਭ ਦੀ ਵਾਰੀ ਆਏਗੀ | ਜਿਸ ਨੇ ਵੀ ਪੰਜਾਬ ਦਾ ਪੈਸਾ ਖਾਧਾ ਹੈ, ਉਸ ਤੋਂ ਹਿਸਾਬ ਲਿਆ ਜਾਏਗਾ | ਮਾਨ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਾਂਗਰਸੀ ਆਗੂ ਉਨ੍ਹਾਂ ਲੋਕਾਂ ਨੂੰ ਸਰਪ੍ਰਸਤੀ ਦੇਣ ਦੀ ਕੋਸ਼ਿਸ ਕਰ ਰਹੇ ਹਨ, ਜਿਨ੍ਹਾਂ ਲੋਕਾਂ ਵੱਲੋਂ ਦਿੱਤੀ ਤਾਕਤ ਦੀ ਦੁਰਵਰਤੋਂ ਕਰ ਕੇ ਸੂਬੇ ਦੀ ਦੌਲਤ ਦੀ ਅੰਨ੍ਹੀ ਲੁੱਟ ਕੀਤੀ ਹੈ | ਉਨ੍ਹਾ ਭਿ੍ਸ਼ਟਾਚਾਰ ‘ਚ ਡੂੰਘੇ ਧਸੇ ਹੋਣ ਉਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਜਨਤਾ ਦੀ ਦੌਲਤ ਲੁੱਟੀ | ਮਾਨ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾ ਨੂੰ ਭਿ੍ਸ਼ਟ ਨੇਤਾਵਾਂ ਵਿਰੁੱਧ ਸਖਤ ਕਾਰਵਾਈ ਕਰਨ ਤੋਂ ਕੋਈ ਨਹੀਂ ਰੋਕ ਸਕਦਾ |
ਕਾਂਗਰਸੀ ਆਗੂਆਂ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਬੈਂਚਾਂ ‘ਤੇ ਬੈਠੇ ਬਹੁਤੇ ਕਾਂਗਰਸੀ ਆਗੂ ਦਾਗੀ ਹਨ | ਉਨ੍ਹਾ ਬਾਜਵਾ ਨੂੰ ਕਿਹਾ ਕਿ ਭਾਵੇਂ ਇਹ ਆਗੂ ਇਨ੍ਹਾਂ ਸੀਟਾਂ ‘ਤੇ ਤੁਹਾਡੇ ਵਿਚਕਾਰ ਬੈਠੇ ਹਨ, ਪਰ ਉਨ੍ਹਾਂ ਨੂੰ ਵੀ ਜਲਦੀ ਹੀ ਆਪਣੇ ਗੁਨਾਹਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ, ਕਿਉਂਕਿ ਇਨ੍ਹਾਂ ਵਿਰੁੱਧ ਕਾਰਵਾਈ ਹੋਣੀ ਲਾਜ਼ਮੀ ਹੈ | ਮਾਨ ਨੇ ਕਿਹਾ ਕਿ ਸੂਬੇ ਖ਼ਿਲਾਫ ਹੋਏ ਅਪਰਾਧਾਂ ਵਿੱਚ ਕਈ ਕਾਂਗਰਸੀ ਆਗੂਆਂ ਦੇ ਨਾਂਅ ਸ਼ਾਮਲ ਹਨ ਅਤੇ ਉਨ੍ਹਾ ਦੀ ਸਰਕਾਰ ਅਜਿਹੇ ਆਗੂਆਂ ਨੂੰ ਆਪਣੀਆਂ ਨਾਪਾਕ ਹਰਕਤਾਂ ਲਈ ਜਵਾਬਦੇਹ ਬਣਾਏਗੀ |
ਇਸ ‘ਤੇ ਬਾਜਵਾ ਨੇ ਕਿਹਾ ਕਿ ਫਿਰ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ | ਮਾਨ ਨੇ ਤਨਜ਼ ਕਰਦਿਆਂ ਬਾਜਵਾ ਨੂੰ ਪੁੱਛਿਆ ਕਿ ਕਾਂਗਰਸ ਦੇ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਬਾਦਲ ਤੇ ਫਤਿਹਜੰਗ ਬਾਜਵਾ ਕਿੱਥੇ ਹਨ? ਸਰਕਾਰ ਦਾ ਮਕਸਦ ਸਾਫ ਹੈ ਕਿ ਪੰਜਾਬ ਦਾ ਪੈਸਾ ਲੁੱਟਣ ਵਾਲੇ ਜਿਹੜੀ ਮਰਜ਼ੀ ਪਾਰਟੀ ਵਿਚ ਚਲੇ ਜਾਣ, ਸਭ ‘ਤੇ ਕਾਰਵਾਈ ਹੋਏਗੀ | ਕੋਈ ਨਹੀਂ ਬਚਣਾ | ਕੈਪਟਨ ਨੇ ਆਪਣੇ ਭਿ੍ਸ਼ਟ ਆਗੂਆਂ ਦੀ ਲਿਸਟ ਬਣਾਈ ਸੀ, ਪਰ ਹਾਈਕਮਾਨ ਨੇ ਬਦਨਾਮੀ ਦੇ ਡਰੋਂ ਲਿਸਟ ਦਬਾ ਦਿੱਤੀ | ਮਾਨ ਨੇ ਸ਼ੇਅਰ ਸੁਣਾਇਆ-ਮਾਨਾ ਮੇਰੀ ਕਮੀਜ਼ ਪਰ ਲਾਖੋਂ ਦਾਗ ਹੈਾ ਪਰ ਖੁਦਾ ਕਾ ਸ਼ੁਕਰ ਹੈ ਧੱਬਾ ਨਹੀਂ | ਬਾਜਵਾ ਨੇ ਜਵਾਬ ਵਿਚ ਕਿਹਾ ਕਿ ਧੱਬਾ ਨਹੀਂ ਪਰ ਇਹ ਕਮੀਜ਼ ਫਟਣ ਵਾਲੀ ਹੈ | ਲੰਚ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ‘ਤੇ ਬਾਜਵਾ ਨੇ ਮਾਨ ‘ਤੇ ਗਲਤ ਰਵੱਈਆ ਅਪਨਾਉਣ ਦਾ ਦੋਸ਼ ਲਾਉਂਦਿਆਂ ਮੁਆਫੀ ਮੰਗਣ ਲਈ ਕਿਹਾ | ਉਨ੍ਹਾਂ ਪੰਜਾਬ ਦੇ ਵਿਗੜ ਰਹੇ ਮਾਹੌਲ ‘ਤੇ ਰਾਜਪਾਲ ਨੂੰ ਮਿਲਣ ਦੀ ਗੱਲ ਵੀ ਕਹੀ | ਬਾਜਵਾ ਨੇ ਕਿਹਾ ਕਿ ਮਾਨ ਨੇ ਉਨ੍ਹਾ ਦੇ ਸਹਿਯੋਗੀਆਂ ਨੂੰ ਧਮਕੀ ਦਿੱਤੀ ਹੈ | ਜੇ ਕਿਸੇ ਨਾਲ ਕੁਝ ਹੋ ਗਿਆ ਜਾਂ ਕਿਸੇ ਨੂੰ ਟੱਕਰ ਮਾਰ ਦਿੱਤੀ ਜਾਂ ਗੋਲੀ ਮਾਰ ਦਿੱਤੀ ਤਾਂ ਮਾਨ ‘ਤੇ ਸਿੱਧਾ ਐੱਫ ਆਈ ਆਰ ਕਰਾਵਾਂਗੇ | ਸਦਨ ਦੀ ਕਾਰਵਾਈ ਪੂਰੀ ਹੋਣ ‘ਤੇ ਬਾਜਵਾ ਨੇ ਕਿਹਾ ਕਿ ਸਦਨ ਦੀ ਅਗਲੀ ਕਾਰਵਾਈ ਵਿਚ ਸ਼ਾਮਲ ਹੋਣਗੇ ਜਾਂ ਨਹੀਂ, ਇਸ ਦਾ ਫੈਸਲਾ 7 ਮਾਰਚ ਨੂੰ ਕਰਨਗੇ | ਮਾਨ ਧਮਕੀ ਦੇ ਕੇ ਗਏ ਹਨ ਕਿ ਫੜ ਕੇ ਜੇਲ੍ਹ ਵਿਚ ਸੁੱਟਣਗੇ | ਇਹ ਕੋਈ ਤਰੀਕਾ ਨਹੀਂ ਕਿ ਮਾਨ ਆਪਣੀ ਗੱਲ ਕਹਿ ਕੇ ਸਦਨ ਵਿੱਚੋਂ ਚਲੇ ਜਾਣ ਤੇ ਦੂਜਿਆਂ ਦੀ ਨਾ ਸੁਣਨ | ਉਹ ਸਪੀਕਰ ਨਾਲ ਵੀ ਗੱਲ ਕਰਨਗੇ |

LEAVE A REPLY

Please enter your comment!
Please enter your name here