32.7 C
Jalandhar
Saturday, July 27, 2024
spot_img

ਮਹਾਂਗੱਠਜੋੜ ਵੱਲ ਵਧਦੇ ਕਦਮ

ਜਿਓਾ-ਜਿਓਾ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਸੱਤਾ ਤੋਂ ਉਖਾੜ ਸੁੱਟਣ ਲਈ ਮੋਰਚਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ | ਭਾਜਪਾ ਦਾ ਧੂਤੂ ਬਣਿਆ ਗੋਦੀ ਮੀਡੀਆ ਭਾਵੇਂ ਵਿਰੋਧੀ ਧਿਰਾਂ ਵਿਚਲੇ ਮਤਭੇਦਾਂ ਨੂੰ ਲੱਖ ਉਛਾਲਦਾ ਰਹੇ, ਪਰ ਦੇਸ਼, ਸਮਾਜ ਤੇ ਖੁਦ ਵਿਰੋਧੀ ਧਿਰਾਂ ਦੀ ਹੋਂਦ ਬਚਾਉਣ ਦੀ ਅਣਸਰਦੀ ਲੋੜ ਨੇ ਉਨ੍ਹਾਂ ਨੂੰ ਸਭ ਮੱਤਭੇਦ ਭੁਲਾ ਕੇ ਇੱਕ ਪਲੇਟਫਾਰਮ ਉੱਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ |
ਇਸ ਮਹੀਨੇ ਦੇ ਪਹਿਲੇ ਦਿਨ ਚੇਨਈ ਵਿੱਚ ਜੁੜੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਬੋਲਬਾਣੀ ਤੋਂ ਇਹੋ ਸੰਕੇਤ ਮਿਲਦੇ ਹਨ ਕਿ ਵਿਰੋਧੀ ਧਿਰਾਂ ਦੀ ਏਕਤਾ ਉੱਤੇ ਛਾਏ ਸ਼ੱਕ ਦੇ ਬੱਦਲ ਹੁਣ ਖਿੰਡਣੇ ਸ਼ੁਰੂ ਹੋ ਗਏ ਹਨ | ਇੱਕ ਮਾਰਚ ਦਾ ਇਹ ਇਕੱਠ ਭਾਵੇਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਜਨਮ ਦਿਨ ਦਾ ਅਖਾੜਾ ਸੀ, ਪਰ ਇਸ ਮੌਕੇ ਜਿਨ੍ਹਾਂ ਆਗੂਆਂ ਨੂੰ ਸੱਦਿਆ ਗਿਆ ਤੇ ਜਿਨ੍ਹਾਂ ਨੂੰ ਨਹੀਂ ਸੱਦਿਆ ਗਿਆ, ਉਨ੍ਹਾਂ ਦੀ ਲਿਸਟ ਤੋਂ ਸਾਫ਼ ਹੋ ਜਾਂਦਾ ਹੈ ਕਿ ਮਹਾਂਗੱਠਜੋੜ ਨੂੰ ਤਾਰਪੀਡੋ ਕਰਨ ਵਾਲਿਆਂ ਨੂੰ ਵੀ ਸਖ਼ਤ ਸੁਨੇਹਾ ਦੇ ਦਿੱਤਾ ਗਿਆ ਹੈ |
ਇਸ ਮੌਕੇ ਸਾਰੇ ਆਗੂਆਂ ਨੇ ਵਿਰੋਧੀ ਧਿਰ ਦੀ ਏਕਤਾ ਉੱਤੇ ਜ਼ੋਰ ਦਿੱਤਾ | ਸਭ ਤੋਂ ਵੱਡੀ ਗੱਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਹੀ ਕਿ ਕਾਂਗਰਸ ਦਾ ਇਹ ਕੋਈ ਦਾਅਵਾ ਨਹੀਂ ਕਿ ਉਹੀ ਵਿਰੋਧੀ ਗੱਠਜੋੜ ਦੀ ਅਗਵਾਈ ਕਰੇਗੀ | ਉਨ੍ਹਾ ਇਹ ਵੀ ਕਹਿ ਦਿੱਤਾ ਕਿ ਕਾਂਗਰਸ ਲਈ ਇਸ ਸਵਾਲ ਦਾ ਕੋਈ ਮਤਲਬ ਨਹੀਂ ਕਿ ਪ੍ਰਧਾਨ ਮੰਤਰੀ ਕੌਣ ਹੋਵੇਗਾ | ਹੁਣ ਤੱਕ ਇਹੋ ਹੀ ਸਮਝਿਆ ਜਾਂਦਾ ਰਿਹਾ ਹੈ ਕਿ ਕਾਂਗਰਸ ਮੁੱਖ ਭੂਮਿਕਾ ਦੀ ਤਲਬਗਾਰ ਹੈ ਤੇ ਇਹੋ ਵਿਰੋਧੀ ਧਿਰਾਂ ਦੀ ਏਕਤਾ ਵਿੱਚ ਰੋੜਾ ਬਣਿਆ ਹੋਇਆ ਹੈ | ਪਿੱਛੇ ਜਿਹੇ ਕੁਝ ਕਾਂਗਰਸੀ ਆਗੂਆਂ ਦੇ ਇਸ ਆਸ਼ੇ ਦੇ ਬਿਆਨ ਵੀ ਆਏ ਸਨ | ਕਮਲਨਾਥ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ 2024 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਹੋਣਗੇ | ਉਂਜ ਕਾਂਗਰਸ ਪਾਰਟੀ ਦੇ ਕਈ ਆਗੂ ਗਾਂਧੀ ਪਰਵਾਰ ਦੀ ਝੋਲੀ ਚੁੱਕੀ ਲਈ ਵੀ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ, ਪਰ ਉਨ੍ਹਾਂ ਦਾ ਹੁਣ ਕੋਈ ਮੁੱਲ ਨਹੀਂ ਰਿਹਾ |
ਇਸ ਮੌਕੇ ਉੱਤੇ ਡੀ ਐੱਮ ਕੇ ਤੋਂ ਇਲਾਵਾ ਕਾਂਗਰਸ, ਖੱਬੀਆਂ ਪਾਰਟੀਆਂ, ਨੈਸ਼ਨਲ ਕਾਨਫ਼ਰੰਸ, ਰਾਸ਼ਟਰੀ ਜਨਤਾ ਦਲ, ਨੈਸ਼ਨਲਲਿਸਟ ਕਾਂਗਰਸ ਪਾਰਟੀ ਤੇ ਜਨਤਾ ਦਲ ਯੂਨਾਈਟਿਡ ਦੇ ਆਗੂ ਪੁੱਜੇ ਹੋਏ ਸਨ | ਸਭ ਤੋਂ ਵੱਡੀ ਗੱਲ ਸੀ ਇਸ ਮੌਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਪੁੱਜਣਾ | ਮਹਾਂਗੱਠਜੋੜ ਬਣਨ ਵੱਲ ਸੇਧਤ ਇਹ ਵੱਡੀ ਪ੍ਰਾਪਤੀ ਸੀ | ਹੁਣ ਤੱਕ ਇਹ ਸਮਝਿਆ ਜਾਂਦਾ ਸੀ ਕਿ ਤਿ੍ਣਮੂਲ ਕਾਂਗਰਸ, ਤੇਲੰਗਾਨਾ ਰਾਸ਼ਟਰੀ ਸੰਮਤੀ, ਆਮ ਆਦਮੀ ਪਾਰਟੀ ਤੇ ਸਮਾਜਵਾਦੀ ਪਾਰਟੀ ਤੀਜਾ ਮੋਰਚਾ ਬਣਾਉਣ ਦੇ ਪੱਖ ਵਿੱਚ ਹਨ | ਅਖਿਲੇਸ਼ ਯਾਦਵ ਦੇ ਕਾਂਗਰਸ ਦੀ ਸ਼ਮੂਲੀਅਤ ਵਾਲੇ ਇਸ ਇਕੱਠ ਵਿੱਚ ਸ਼ਾਮਲ ਹੋਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਮਹਾਂਗੱਠਜੋੜ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਹੋ ਗਏ ਹਨ | ਅਖਿਲੇਸ਼ ਯਾਦਵ ਦੇ ਕਾਫ਼ੀ ਸਮੇਂ ਤੋਂ ਕਾਂਗਰਸ ਨਾਲ ਸੰਬੰਧ ਚੰਗੇ ਨਹੀਂ ਰਹੇ, ਪਰ ਹੁਣ ਇਹ ਬੀਤੇ ਦੀ ਗੱਲ ਹੋ ਚੁੱਕੀ ਹੈ | ਅਖਿਲੇਸ਼ ਦੇ ਮਹਾਂਗੱਠਜੋੜ ਵੱਲ ਚੁੱਕੇ ਗਏ ਕਦਮ ਦੀ ਵੱਡੀ ਮਹੱਤਤਾ ਹੈ, ਕਿਉਂਕਿ 80 ਲੋਕ ਸਭਾ ਸੀਟਾਂ ਵਾਲੇ ਉਤਰ ਪ੍ਰਦੇਸ਼ ਵਿੱਚੋਂ ਹੋ ਕੇ ਹੀ ਦਿੱਲੀ ਦੀ ਗੱਦੀ ਵੱਲ ਨੂੰ ਰਾਹ ਜਾਂਦਾ ਹੈ | ਅਖਿਲੇਸ਼ ਦੇ ਮਗਰ ਰਾਸ਼ਟਰੀ ਲੋਕ ਦਲ ਨੂੰ ਵੀ ਆਉਣਾ ਹੀ ਪਵੇਗਾ |
ਇਸ ਇਕੱਠ ਵਿੱਚ ਤੀਜਾ ਮੋਰਚਾ ਬਣਾਉਣ ਲੱਗੇ ਹੋਏ ਚੰਦਰ ਸ਼ੇਖਰ ਰਾਵ, ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ | ਉਂਜ ਮਮਤਾ ਬੈਨਰਜੀ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰਕੇ ਤੀਜੇ ਮੋਰਚੇ ਦੀ ਸੰਭਾਵਨਾ ਉੱਤੇ ਪਾਣੀ ਫੇਰ ਦਿੱਤਾ ਸੀ | ਇਸ ਮੌਕੇ ਇਹ ਵੀ ਕਿਹਾ ਗਿਆ ਕਿ ਜੇਕਰ ਤੀਜਾ ਮੋਰਚਾ ਬਣਿਆ ਤਾਂ ਇਸ ਦਾ ਭਾਜਪਾ ਨੂੰ ਫਾਇਦਾ ਹੋਵੇਗਾ | ਇਹ ਕਿਹਾ ਵੀ ਸਟਾਲਿਨ ਨੇ, ਜਿਸ ਦੇ ਤੀਜੇ ਮੋਰਚੇ ਵਾਲਿਆਂ ਨਾਲ ਨਿੱਘੇ ਸੰਬੰਧ ਹਨ | ਮਹਾਂਗੱਠਜੋੜ ਦੇ ਆਗੂਆਂ ਨੂੰ ਇਹ ਆਸ ਹੈ ਕਿ ਜਿਵੇਂ ਸਟਾਲਿਨ ਨੇ ਅਖਿਲੇਸ਼ ਨੂੰ ਨਾਲ ਜੋੜ ਲਿਆ ਹੈ, ਇਸੇ ਤਰ੍ਹਾਂ ਬਾਕੀਆਂ ਨੂੰ ਵੀ ਜੋੜ ਲੈਣਗੇ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles