ਅਮਰੀਕਾ ਨੂੰ ਭਾਰਤ ਦੇ ਚੀਨ ਤੇ ਪਾਕਿ ਨਾਲ ਟਕਰਾਅ ਦਾ ਖਦਸ਼ਾ

0
384

ਵਾਸ਼ਿੰਗਟਨ : ਅਮਰੀਕੀ ਖੁਫੀਆ ਏਜੰਸੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਇਹ ਖਦਸ਼ਾ ਹੈ ਕਿ ਭਾਰਤ-ਪਾਕਿਸਤਾਨ ਅਤੇ ਭਾਰਤ-ਚੀਨ ਵਿਚਾਲੇ ਤਣਾਅ ਹੋਰ ਵੀ ਵਧ ਸਕਦਾ ਹੈ ਅਤੇ ਟਕਰਾਅ ਵੀ ਹੋ ਸਕਦਾ ਹੈ | ਪਾਕਿਸਤਾਨ ਵੱਲੋਂ ਭੜਕਾਉਣ ਦੀ ਹਾਲਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਪਹਿਲਾਂ ਨਾਲੋਂ ਜ਼ਿਆਦਾ ਫੌਜੀ ਤਾਕਤ ਨਾਲ ਜਵਾਬ ਦੇਵੇਗਾ |
ਇਹ ਮੁਲਾਂਕਣ ਅਮਰੀਕੀ ਖੁਫੀਆ ਜਾਣਕਾਰੀ ਦੇ ਸਾਲਾਨਾ ਖਤਰੇ ਦੇ ਮੁਲਾਂਕਣ ਦਾ ਹਿੱਸਾ ਹੈ, ਜੋ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਦਫਤਰ ਵੱਲੋਂ ਅਮਰੀਕੀ ਕਾਂਗਰਸ ਨੂੰ ਪੇਸ਼ ਕੀਤਾ ਗਿਆ ਹੈ |
ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਤੇ ਭਾਰਤ ਸਰਹੱਦੀ ਵਿਵਾਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸਦੇ ਬਾਵਜੂਦ ਦੋਹਾਂ ਦੇਸ਼ਾਂ ਵਿਚਾਲੇ ਖਿਚਾਅ ਬਣਿਆ ਰਹੇਗਾ | ਅਮਰੀਕੀ ਇੰਟੈਲੀਜੈਂਸ ਨੇ ਕਸ਼ਮੀਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਖਿਚਾਅ ਵਧਾਉਣ ਦਾ ਅਹਿਮ ਕਾਰਨ ਮੰਨਿਆ ਹੈ | ਰਿਪੋਰਟ ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਸੰਕਟ ਨੂੰ ਵੱਡੀ ਚਿੰਤਾ ਦੱਸਿਆ ਗਿਆ ਹੈ | ਕਸ਼ਮੀਰ ਵਿਚ ਹਿੰਸਾ ਤੇ ਭਾਰਤ ‘ਚ ਦਹਿਸ਼ਤਗਰਦਾਂ ਦਾ ਹਮਲਾ ਹੁੰਦਾ ਹੈ ਤਾਂ ਦੋਹਾਂ ਦੇਸ਼ਾਂ ਵਿਚਾਲੇ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇਗੀ | ਰਿਪੋਰਟ ਵਿਚ 2020 ‘ਚ ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਵਿਚਾਲੇ ਹੋਏ ਸੰਘਰਸ਼ ਨੂੰ ਦਹਾਕੇ ਦਾ ਸਭ ਤੋਂ ਖਤਰਨਾਕ ਸੰਘਰਸ਼ ਦੱਸਦਿਆਂ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਖਿਚਾਅ ਦੀ ਸਥਿਤੀ ਅਮਰੀਕਾ ਤੇ ਉਸ ਦੇ ਲੋਕਾਂ ਲਈ ਵੱਡਾ ਖਤਰਾ ਹੈ | ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ‘ਚ ਅਮਰੀਕਾ ਨੂੰ ਦਖਲ ਦੇਣਾ ਚਾਹੀਦਾ ਹੈ |
ਇਸੇ ਦੌਰਾਨ ਭਾਰਤੀ ਫੌਜ ਨੇ ਚੀਨੀ ਸਰਹੱਦ ‘ਤੇ ਅਸਲ ਕੰਟਰੋਲ ਰੇਖਾ ‘ਤੇ ਨਿਗਰਾਨੀ ਵਧਾ ਦਿੱਤੀ ਹੈ | ਜਵਾਨ ਗਲਵਾਨ ਘਾਟੀ ਤੇ ਨੇੜੇ-ਤੇੜੇ ਘੋੜਿਆਂ ਨਾਲ ਗਸ਼ਤ ਕਰ ਰਹੇ ਹਨ | ਸਾਮਾਨ ਢੋਣ ਲਈ ਖੱਚਰਾਂ ਨੂੰ ਵੀ ਇਨ੍ਹਾਂ ਇਲਾਕਿਆਂ ‘ਚ ਲਿਆਂਦਾ ਜਾ ਰਿਹਾ ਹੈ | ਫੌਜ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਜਵਾਨ ਗਲਵਾਨ ਇਲਾਕੇ ‘ਚ ਕ੍ਰਿਕਟ ਤੇ ਆਈਸ ਹਾਕੀ ਖੇਡ ਰਹੇ ਹਨ | ਭਾਰਤੀ ਫੌਜ ਨੇ ਇਨ੍ਹਾਂ ਥਾਵਾਂ ਦੇ ਨਾਂਅ ਨਹੀਂ ਦੱਸੇ, ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਉਹੀ ਥਾਵਾਂ ਹਨ, ਜਿੱਥੇ 15-16 ਜੂਨ 2020 ਦੀ ਰਾਤ ਨੂੰ ਭਾਰਤ ਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ |

LEAVE A REPLY

Please enter your comment!
Please enter your name here