23.2 C
Jalandhar
Friday, March 29, 2024
spot_img

ਪ੍ਰਚੰਡ ਦੀ ਹਮਾਇਤ ਹਾਸਲ ਪੌਡੇਲ ਨੇਪਾਲ ਦੇ ਰਾਸ਼ਟਰਪਤੀ ਚੁਣੇ ਗਏ

ਕਠਮੰਡੂ : ਨੇਪਾਲੀ ਕਾਂਗਰਸ ਦੇ ਉਮੀਦਵਾਰ ਰਾਮਚੰਦਰ ਪੌਡੇਲ ਵੀਰਵਾਰ ਨੇਪਾਲ ਦੇ ਤੀਜੇ ਰਾਸ਼ਟਰਪਤੀ ਚੁਣੇ ਗਏ | ਉਨ੍ਹਾ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਿਸਟ ਲੈਨਿਨਿਸਟ (ਸੀ ਪੀ ਐੱਨ-ਯੂ ਐੱਮ ਐੱਲ) ਦੇ ਸੁਭਾਸ਼ ਚੰਦਰ ਨੇਮਬਾਂਗ ਨੂੰ ਹਰਾਇਆ | ਉਹ ਬਿਦਿਆ ਦੇਵੀ ਭੰਡਾਰੀ ਦੀ ਥਾਂ ਲੈਣਗੇ |
ਰਾਸ਼ਟਰਪਤੀ ਦੀ ਚੋਣ ਲਈ ਵੋਟਰਾਂ ਦੀ ਗਿਣਤੀ 882 ਸੀ, ਜਿਸ ‘ਚ ਸੰਸਦ ਦੇ 332 ਮੈਂਬਰ ਅਤੇ ਸੱਤ ਸੂਬਾਈ ਅਸੈਂਬਲੀਆਂ ਦੇ 550 ਮੈਂਬਰ ਸਨ | ਸੰਸਦ ਦੇ 313 ਮੈਂਬਰਾਂ ਤੇ ਅਸੰਬਲੀਆਂ ਦੇ 518 ਮੈਂਬਰਾਂ ਨੇ ਵੋਟਾਂ ਪਾਈਆਂ | ਪੌਡੇਲ ਨੂੰ ਸੰਸਦ ਦੀਆਂ 214 ਤੇ ਅਸੰਬਲੀਆਂ ਦੀਆਂ 352 ਵੋਟਾਂ ਮਿਲੀਆਂ | ਦੇਸ਼ ਦੇ 2008 ਵਿਚ ਗਣਰਾਜ ਬਣਨ ਤੋਂ ਲੈ ਕੇ ਰਾਸ਼ਟਰਪਤੀ ਦੀ ਇਹ ਤੀਜੀ ਚੋਣ ਸੀ | ਪੌਡੇਲ ਨੇਪਾਲੀ ਕਾਂਗਰਸ ਅਤੇ ਸੀ ਪੀ ਐੱਨ (ਮਾਓਇਸਟ ਸੈਂਟਰ) ਸਮੇਤ ਅੱਠ ਪਾਰਟੀ ਗੱਠਜੋੜ ਦੇ ਉਮੀਦਵਾਰ ਸਨ | ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ ਦੀ ਹਮਾਇਤ ਕਾਰਨ ਪੌਡੇਲ ਦਾ ਜਿੱਤਣਾ ਤੈਅ ਮੰਨਿਆ ਜਾ ਰਿਹਾ ਸੀ | ਨੇਮਬਾਂਗ ਨੂੰ ਉਨ੍ਹਾ ਦੀ ਆਪਣੀ ਪਾਰਟੀ ਤੋਂ ਇਲਾਵਾ ਆਜ਼ਾਦਾਂ ਦੀ ਹਮਾਇਤ ਮਿਲੀ | ਰਾਸ਼ਟਰੀ ਪਰਜਾਤੰਤਰ ਪਾਰਟੀ ਨੇ ਬੁੱਧਵਾਰ ਕਿਸੇ ਦੀ ਵੀ ਹਮਾਇਤ ਨਾ ਕਰਨ ਦਾ ਐਲਾਨ ਕਰ ਦਿੱਤਾ ਸੀ |
ਇਸ ਤੋਂ ਪਹਿਲਾਂ ਪ੍ਰਚੰਡ ਦੀ ਪਾਰਟੀ ਨਾਲ ਗੱਠਜੋੜ ਦੀ ਸਰਕਾਰ ਵਿਚ ਸ਼ਾਮਲ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਓਲੀ ਦੀ ਨੇਪਾਲ ਯੂਨੀਫਾਈਡ ਮਾਰਕਸਿਸਟ ਲੈਨਿਨਿਸਟ ਪਾਰਟੀ ਨੇ 27 ਫਰਵਰੀ ਨੂੰ ਗੱਠਜੋੜ ਤੋੜ ਦਿੱਤਾ ਸੀ, ਕਿਉਂਕਿ ਪ੍ਰਚੰਡ ਨੇ ਉਨ੍ਹਾ ਦੀ ਪਾਰਟੀ ਦੇ ਉਮੀਦਵਾਰ ਦੀ ਥਾਂ ਨੇਪਾਲੀ ਕਾਂਗਰਸ ਦੇ ਉਮੀਦਵਾਰ ਦੀ ਹਮਾਇਤ ਕਰ ਦਿੱਤੀ ਸੀ | ਇਸ ਤੋਂ ਬਾਅਦ ਚੀਨ ਸਮਰਥਕ ਓਲੀ ਭੜਕ ਗਏ ਤੇ ਉਨ੍ਹਾ ਦੀ ਪਾਰਟੀ ਦੇ ਉਪ ਪ੍ਰਧਾਨ ਮੰਤਰੀ ਸਣੇ ਰਾਸ਼ਟਰੀ ਪਰਜਾਤੰਤਰ ਪਾਰਟੀ ਦੇ ਚਾਰ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਸਨ |

Related Articles

LEAVE A REPLY

Please enter your comment!
Please enter your name here

Latest Articles