ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਅੰਤਮ ਪੜਾਅ ‘ਤੇ ਪਹੁੰਚਣ ਦੇ ਨਾਲ ਏ ਡੀ ਜੀ ਪੀ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਐਤਵਾਰ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਇਸ ਕੇਸ ਨਾਲ ਸੰਬੰਧਤ ਕੋਈ ਢੁਕਵੀਂ ਜਾਣਕਾਰੀ ਹੈ, ਜਿਸ ਨਾਲ ਕੇਸ ‘ਤੇ ਪ੍ਰਭਾਵ ਪੈ ਸਕਦਾ ਹੈ, ਤਾਂ ਉਹ ਵਿਅਕਤੀ ਨਿੱਜੀ ਤੌਰ ‘ਤੇ ਉਨ੍ਹਾ ਨਾਲ ਪੁਲਸ ਹੈੱਡਕੁਆਰਟਰ, ਸੈਕਟਰ 9-ਸੀ, 6ਵੀਂ ਮੰਜ਼ਲ ਵਿਖੇ ਸਥਿਤ ਉਨ੍ਹਾ ਦੇ ਦਫਤਰ ‘ਚ ਆਉਣ ਵਾਲੇ ਤਿੰਨ ਵੀਰਵਾਰ ਭਾਵ 16 ਮਾਰਚ, 23 ਮਾਰਚ ਅਤੇ 30 ਮਾਰਚ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਮੁਲਾਕਾਤ ਕਰ ਸਕਦਾ ਹੈ | ਉਨ੍ਹਾ ਕਿਹਾ ਕਿ ਕੋਈ ਵੀ ਵਿਅਕਤੀ ਇਸ ਸੰਬੰਧੀ ਵਟਸਐਪ ਨੰਬਰ 98759-83237 ‘ਤੇ ਮੈਸੇਜ ਭੇਜ ਕੇ ਜਾਂ newsit2021kotkapuracase0gmail.com ‘ਤੇ ਈਮੇਲ ਰਾਹੀਂ ਵੀ ਜਾਣਕਾਰੀ ਸਾਂਝੀ ਕਰ ਸਕਦਾ ਹੈ | ਇਸ ਪੜਾਅ ‘ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਗਈ ਕੋਈ ਵੀ ਇਨਪੁਟ/ਜਾਣਕਾਰੀ ਐੱਸ ਆਈ ਟੀ ਲਈ ਜਾਂਚ ਦੌਰਾਨ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ‘ਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ | ਉਨ੍ਹਾ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਨਾਲ ਜੁੜੀ ਜਾਂਚ ਦੀ ਕਾਨੂੰਨੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ | ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਐੱਲ ਕੇ ਯਾਦਵ, ਆਈ ਜੀ ਰਾਕੇਸ਼ ਅਗਰਵਾਲ ਅਤੇ ਐੱਸ ਅੱੈਸ ਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਉੱਤੇ ਅਧਰਾਤ ਐੱਸ ਆਈ ਟੀ ਦਾ ਗਠਨ ਕੀਤਾ ਸੀ | ਇਸ ਨੇ 24 ਫਰਵਰੀ 2023 ਨੂੰ ਅਦਾਲਤ ‘ਚ ਆਪਣਾ ਪਹਿਲਾ ਚਲਾਨ ਪੇਸ਼ ਕੀਤਾ ਸੀ |