32.8 C
Jalandhar
Thursday, April 25, 2024
spot_img

ਸ਼ਰਧਾਲੂਆਂ ਦੀ ਵੈਨ ਹਾਦਸਾਗ੍ਰਸਤ, ਇੱਕ ਦੀ ਮੌਤ, ਕਈ ਜ਼ਖਮੀ

ਬਠਿੰਡਾ (ਪਰਵਿੰਦਰ ਜੀਤ ਸਿੰਘ)
ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਪਰਤਦੇ ਸ਼ਰਧਾਲੂਆਂ ਦੀ ਵੈਨ ਐਤਵਾਰ ਬਾਅਦ ਦੁਪਹਿਰ ਸ਼ਹਿਰ ‘ਚੋਂ ਨਿਕਲਦਿਆਂ ਹੀ ਬਠਿੰਡਾ ਰੋਡ ‘ਤੇ ਹਾਦਸਾਗ੍ਰਸਤ ਹੋਣ ਕਾਰਨ ਜਿੱਥੇ ਇੱਕ ਸ਼ਰਧਾਲੂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ, ਉੱਥੇ ਇੱਕ ਦਰਜਨ ਦੇ ਕਰੀਬ ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਦਾਖਲ ਕਰਵਾਇਆ ਗਿਆ ਹੈ | ਪਤਾ ਲੱਗਦਿਆਂ ਹੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਪੁੱਜ ਕੇ ਜ਼ਖਮੀਆਂ ਦੀ ਬਣਦੀ ਮਦਦ ਆਰੰਭ ਦਿੱਤੀ ਹੈ |
ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਗੁਰੂ ਹਰਸਹਾਏ ਲਾਗਲੇ ਪਿੰਡ ਤੱਲੇਵਾਲ ਦੇ ਸ਼ਰਧਾਲੂ ਇੱਕ ਸਕੂਲੀ ਵੈਨ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਆਏ ਸਨ | ਮੱਥਾ ਟੇਕਣ ਉਪਰੰਤ ਵਾਪਸੀ ਸਮੇਂ ਸ਼ਹਿਰ ‘ਚੋਂ ਨਿਕਲਦਿਆਂ ਹੀ ਬਠਿੰਡਾ ਰੋਡ ‘ਤੇ ਸ਼ਰਧਾਲੂਆਂ ਦੀ ਉਕਤ ਵੈਨ ਦਾ ਸਟੇਅਰਿੰਗ ਖੁੱਲ੍ਹਣ ਕਾਰਨ ਵੈਨ ਬੇਕਾਬੂ ਹੋ ਕੇ ਇੱਕ ਦਰੱਖਤ ਨਾਲ ਜਾ ਟਕਰਾਈ | ਨੇੜਲੇ ਲੋਕਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ 108 ਐਂਬੂਲੈਂਸਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ, ਜਿੱਥੇ ਇੱਕ ਵਿਅਕਤੀ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮਿ੍ਤਕ ਦੀ ਪਛਾਣ ਸਤਵੰਤ ਸਿੰਘ (70) ਪੁੱਤਰ ਜੋਗਿੰਦਰ ਸਿੰਘ ਵਾਸੀ ਤੱਲੇਵਾਲ ਵਜੋਂ ਹੋਈ ਹੈ | ਹਸਪਤਾਲ ਪੁੱਜੇ ਪੱਤਰਕਾਰਾਂ ਨੇ ਦੇਖਿਆ ਕਿ ਸਬ-ਡਵੀਜ਼ਨਲ ਹਸਪਤਾਲ ਵਿੱਚ ਮੌਕੇ ‘ਤੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਅਤੇ ਜ਼ਖਮੀਆਂ ਦੀ ਮੱਲ੍ਹਮ-ਪੱਟੀ ਫਾਰਮਾਸਿਸਟ ਕਰ ਰਹੇ ਸਨ | ਜ਼ਖਮੀਆਂ ਵਿੱਚ ਮਨਦੀਪ ਕੌਰ (19) ਪਤਨੀ ਦਵਿੰਦਰ ਸਿੰਘ, ਅਮਨ (35) ਪਤਨੀ ਅਜੀਤ ਸਿੰਘ, ਪਰਮਜੀਤ ਕੌਰ (40) ਪਤਨੀ ਸਤਨਾਮ ਸਿੰਘ, ਆਸ਼ਾ ਰਾਣੀ (47) ਪਤਨੀ ਬਲਵਿੰਦਰ ਸਿੰਘ, ਰੋਣ ਚੰਦ (62) ਪੁੱਤਰ ਸਈਆ ਰਾਮ ਤੋਂ ਇਲਾਵਾ ਦੋ ਬੱਚੇ ਮਨਿੰਦਰ ਸਿੰਘ (13) ਪੁੱਤਰ ਜਗਸੀਰ ਸਿੰਘ ਅਤੇ ਰਾਜਵੀਰ ਸਿੰਘ (10) ਪੁੱਤਰ ਗੁਰਦੇਵ ਸਿੰਘ ਦੇ ਨਾਂਅ ਸ਼ਾਮਲ ਹਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਸਿਵਲ ਹਸਪਤਾਲ ਪੁੱਜੇ ਅਤੇ ਜ਼ਖਮੀਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦਾ ਮੁਢਲਾ ਇਲਾਜ ਕਰਵਾ ਦੇਣ ਉਪਰੰਤ ਛੁੱਟੀ ਮਿਲਣ ‘ਤੇ ਤਖਤ ਸਾਹਿਬ ਦੀਆਂ ਗੱਡੀਆਂ ਰਾਹੀਂ ਸਾਰੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪਿੰਡ ਵੱਲ ਰਵਾਨਾ ਕਰ ਦਿੱਤਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles