ਨਵੀਂ ਦਿੱਲੀ : ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਦੇ ਸੰਬੰਧ ‘ਚ ਫਾਰਮ ਹਾਊਸ ਦੇ ਮਾਲਕ ਵਿਕਾਸ ਮਾਲੂ ਦੀ ਦੂਜੀ ਪਤਨੀ ਨੇ ਦੋਸ਼ ਲਾਇਆ ਹੈ ਕਿ ਅਦਾਕਾਰ ਦੀ ਮੌਤ ‘ਚ ਉਸ ਦੇ ਪਤੀ ਦਾ ਵੀ ਹੱਥ ਹੈ | ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਵੀ ਲਿਖਵਾਈ ਹੈ, ਜਿਸ ਮਗਰੋਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਵਿਕਾਸ ਮਾਲੂ ਦੀ ਪਤਨੀ ਨੇ ਦੱਸਿਆ ਕਿ ਵਿਕਾਸ ਮਾਲੂ ਦੇ ਫਾਰਮ ਹਾਊਸ ‘ਤੇ ਇਕ ਸਮਾਗਮ ਲਈ ਸਤੀਸ਼ ਕੌਸ਼ਿਕ ਆਇਆ ਸੀ, ਜਿਥੇ ਉਸ ਦੀ ਤਬੀਅਤ ਵਿਗੜ ਗਈ | ਫਾਰਮ ਹਾਊਸ ‘ਚ ਇਤਰਾਜ਼ਯੋਗ ਦਵਾਈਆਂ ਵੀ ਮਿਲੀਆਂ ਸਨ | ਪਤਨੀ ਨੇ ਦੱਸਿਆ ਕਿ ਵਿਕਾਸ ਮਾਲੂ ਤੇ ਸਤੀਸ਼ ਕੌਸ਼ਿਕ ਵਿਚਾਲੇ ਕਾਰੋਬਾਰੀ ਸੰਬੰਧ ਸਨ ਤੇ ਦੋਹਾਂ ਵਿਚਕਾਰ ਆਰਥਕ ਵਿਵਾਦ ਵੀ ਸੀ | ਜ਼ਿਕਰਯੋਗ ਹੈ ਕਿ ਵਿਕਾਸ ਮਾਲੂ ਦੀ ਦੂਜੀ ਪਤਨੀ ਨੇ ਆਪਣੇ ਪਤੀ ‘ਤੇ ਸਰੀਰਕ ਸੋਸ਼ਣ ਦੇ ਦੋਸ਼ ਵੀ ਲਾਏ ਸਨ ਤੇ ਇਸ ਸੰਬੰਧ ‘ਚ ਵੀ ਪੁਲਸ ਨੂੰ ਸ਼ਿਕਾਇਤ ਲਿਖਵਾਈ ਹੋਈ ਹੈ |





