ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਨੇ ਹੈਰਾਨਕੁੰਨ ਫੈਸਲੇ ਨਾਲ ਆਪਣਾ ਸਿਆਸੀ ਵਿੰਗ ਭੰਗ ਕਰ ਦਿੱਤਾ ਹੈ, ਜੋ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੂੰ ਹਮਾਇਤ ਦੇਣ ਲਈ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹੋਂਦ ‘ਚ ਆਇਆ ਸੀ |
ਮੁੱਢਲੇ ਪੜਾਅ ‘ਤੇ ਸਿਆਸੀ ਵਿੰਗ ਦੇ 7 ਮੈਂਬਰ ਬਣਾਏ ਗਏ ਸਨ, ਜਿਨ੍ਹਾਂ ਨੂੰ ਬਾਅਦ ‘ਚ 14 ਕਰ ਦਿੱਤਾ ਗਿਆ ਸੀ | 2007 ਦੀਆਂ ਚੋਣਾਂ ਮੌਕੇ ਸਿਆਸੀ ਵਿੰਗ ਨੇ ਪਹਿਲੀ ਵਾਰ ਕਾਂਗਰਸ ਨੂੰ ਖੁੱਲ੍ਹੇਆਮ ਹਮਾਇਤ ਦਿੱਤੀ ਸੀ | ਨਤੀਜੇ ਵਜੋਂ ਮਾਲਵੇ ‘ਚ ਅਕਾਲੀ ਦਲ ਦੇ ਵੱਡੇ-ਵੱਡੇ ਥੰਮ੍ਹ ਹਾਰ ਗਏ ਸਨ, ਪਰ ਡੇਰੇ ਦੀ ਏਨੀ ਵੱਡੀ ਹਮਾਇਤ ਦੇ ਬਾਵਜੂਦ ਕਾਂਗਰਸ ਸਰਕਾਰ ਬਣਾਉਣ ਤੋਂ ਪਛੜ ਗਈ ਸੀ | ਇਹਨਾਂ ਚੋਣਾਂ ਦੌਰਾਨ ਮਾਲਵੇ ਦੀਆਂ 65 ਸੀਟਾਂ ਵਿੱਚੋਂ ਕਾਂਗਰਸ ਨੇ 37 ਹਲਕਿਆਂ ‘ਚ ਜਿੱਤ ਹਾਸਲ ਕੀਤੀ ਸੀ, ਜਦਕਿ ਅਕਾਲੀ ਦਲ ਕੇਵਲ 13 ਹਲਕਿਆਂ ‘ਚ ਜਿੱਤ ਸਕਿਆ ਸੀ | ਦਿਲਚਸਪ ਪਹਿਲੂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮਾਲਵਾ ਪੱਟੀ ਵਿਚ ਪੰਜ ਸੀਟਾਂ ‘ਤੇ ਚੋਣ ਜਿੱਤੀ ਸੀ | ਅਕਾਲੀ ਦਲ ਨੂੰ ਮਾਝੇ ਤੇ ਦੁਆਬੇ ‘ਚ ਆਸ ਨਾਲੋ ਵੱਧ ਸਫਲਤਾ ਮਿਲੀ | ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ 19 ਹਲਕਿਆਂ ‘ਚ ਹਾਸਲ ਹੋਈ ਜਿੱਤ ਕਾਰਨ ਅਕਾਲੀ ਦਲ ਸਰਕਾਰ ਬਣਾਉਣ ‘ਚ ਸਫਲ ਰਿਹਾ | ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਬਣਨ ਕਰਕੇ ਡੇਰਾ ਪੈਰੋਕਾਰਾਂ ਨੂੰ ਕਈ ਥਾਵਾਂ ‘ਤੇ ਅਕਾਲੀ ਵਰਕਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਸੀ | ਇੱਕ ਸੀਨੀਅਰ ਡੇਰਾ ਪੈਰੋਕਾਰ ਮੁਤਾਬਕ ਆਮ ਸੰਗਤ ਨੂੰ ਸਿਆਸੀ ਵਿੰਗ ਦਾ ਕੋਈ ਫਾਇਦਾ ਨਹੀਂ ਹੋਇਆ | ਉਨ੍ਹਾਂ ਨੂੰ ਆਪਣੇ ਕੰਮ-ਧੰਦੇ ਕਰਵਾਉਣ ਲਈ ਸਿਆਸੀ ਲੋਕਾਂ ਦੇ ਬੂਹੇ ਖੜਕਾਉਣੇ ਪੈਂਦੇ ਸਨ, ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਸਨ | ਸਾਧਾਰਨ ਡੇਰਾ ਪ੍ਰੇਮੀਆਂ ਲਈ ਹੁਣ ਚੰਗਾ ਫੈਸਲਾ ਲਿਆ ਗਿਆ ਹੈ | ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਹੈ ਕਿ ਇਹ ਡੇਰੇ ਦੇ ਸਮੁੱਚੇ ਪ੍ਰਬੰਧਾਂ ਵਿਚ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਸਿਆਸੀ ਵਿੰਗ ਭੰਗ ਕੀਤਾ ਗਿਆ ਹੈ | ਸਿਆਸੀ ਵਿੰਗ ਦੇ ਮੈਂਬਰ ਬਲਰਾਜ ਸਿੰਘ ਨੇ ਕਿਹਾ ਕਿ ਸਿਆਸੀ ਵਿੰਗ ਹੀ ਨਹੀਂ, ਬਲਕਿ ਡੇਰੇ ਦੇ ਪ੍ਰਬੰਧਕੀ ਢਾਂਚੇ ‘ਚ ਹੋਰ ਵੀ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ |




