ਬਿਜਲੀ ਕਾਮਿਆਂ ਵੱਲੋਂ ਪੰਜਾਬ ਭਰ ਦੇ ਮੰਡਲ ਦਫਤਰਾਂ ਅੱਗੇ ਜ਼ੋਰਦਾਰ ਧਰਨੇ

0
269

ਪਟਿਆਲਾ : ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ (ਇੰਟਕ), ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਥਰਮਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ, ਇੰਪਲਾਈਜ਼ ਫੈਡਰੇਸ਼ਲ (ਫਲਜੀਤ ਸਿੰਘ), ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਮੁੱਚੇ ਪੰਜਾਬ ਦੇ ਮੰਡਲ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਗਏ | ਇਹ ਰੋਸ ਧਰਨੇ ਪੰਜਾਬ ਸਰਕਾਰ, ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਰਵੱਈਏ ਅਤੇ ਟਾਲਮਟੋਲ ਦੀ ਨੀਤੀ ਵਿਰੁੱਧ ਦਿੱਤੇ ਗਏ |
ਜਥੇਬੰਦੀਆਂ ਦੇ ਸੂਬਾਈ ਆਗੂਆਂ ਕਰਮ ਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਰਵੇਲ ਸਿੰਘ, ਸਹਾਏਪੁਰ, ਜਗਰੂਪ ਸਿੰਘ ਮਹਿਮਦਪੁਰ, ਕੌਰ ਸਿੰਘ ਸੋਹੀ, ਅਵਤਾਰ ਸਿੰਘ ਕੈਂਥ, ਕੁਲਵਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਕੋਟਲੀ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਕਮਲਜੀਤ ਸਿੰਘ, ਜਗਜੀਤ ਸਿੰਘ ਕੰਡਾ, ਸੁਖਵਿੰਦਰ ਸਿੰਘ ਚਹਿਲ, ਸਿਕੰਦਰ ਨਾਥ, ਬਰਜਿੰਦਰ ਕੁਮਾਰ ਸ਼ਰਮਾ, ਰਘਵੀਰ ਸਿੰਘ ਰਾਮਗੜ੍ਹ, ਸੁਖਵਿੰਦਰ ਸਿੰਘ ਦੁੰਮਨਾ, ਲਖਵੰਤ ਸਿੰਘ ਦਿਓਲ, ਲਖਵਿੰਦਰ ਸਿੰਘ, ਬਿ੍ਜ ਲਾਲ, ਹਰਮੇਸ਼ ਧੀਮਾਨ, ਇੰਦਰਜੀਤ ਸਿੰਘ ਢਿੱਲੋਂ, ਕਰਮ ਚੰਦ ਖੰਨਾ, ਸਰਬਜੀਤ ਸਿੰਘ ਭਾਣਾ, ਨਛੱਤਰ ਸਿੰਘ ਰਣੀਆ ਅਤੇ ਗੁਰਦਿੱਤ ਸਿੰਘ ਸਿੱਧੂ ਤੋਂ ਇਲਾਵਾ ਸਰਕਲ ਅਤੇ ਡਵੀਜ਼ਨ ਆਗੂਆਂ ਨੇ ਵੱਖ-ਵੱਖ ਡਵੀਜ਼ਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਅਤੇ ਟਾਲਮਟੋਲ ਵਾਲੀਆਂ ਨੀਤੀਆਂ ਦੀ ਸਖਤ ਨਿੰਦਾ ਕਰਦਿਆਂ ਮੁਲਾਜ਼ਮ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਨਖਾਹ ਸਕੇਲ ਸੋਧਣ, ਰਹਿੰਦੇ ਭੱਤਿਆਂ ਵਿੱਚ ਵਾਧਾ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰ ਰਹੀਆਂ ਹਨ | ਮੁਲਾਜ਼ਮ ਮੰਗਾਂ ਮੰਨਣ, ਮੁਲਾਜ਼ਮਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਨਜਾਇਜ਼ ਖਤਮ ਕਰਨ, ਨਵੀਂ ਭਰਤੀ ਕਰਨ, ਯੋਗ ਮੁਲਾਜ਼ਮਾਂ ਦੀਆਂ ਤਰੱਕੀਆਂ ਕਰਨ ਦੀ ਬਿਜਾਏ ਮੁਲਾਜ਼ਮ ਵਿਰੋਧੀ ਸਰਕੂਲਰ ਜਾਰੀ ਕੀਤੇ ਜਾ ਰਹੇ ਹਨ | ਜੁਆਇੰਟ ਫੋਰਮ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ ਮੰਗਾਂ ਮੰਨਣ ਦੀ ਥਾਂ ਸੀ ਆਰ ਏ 295/19 ਅਨੁਸਾਰ ਭਰਤੀ ਸਹਾਇਕ ਲਾਈਨਮੈਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀਆਂ ਹਨ | ਕਰਾਈਮ ਬ੍ਰਾਂਚ ਵੱਲੋਂ 500 ਤੋਂ ਵੱਧ ਸ ਲ ਮ ਖਿਲਾਫ ਪੁਲਸ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆ ਜਾ ਰਹੀਆਂ ਹਨ ਅਤੇ ਬੇਵਜ੍ਹਾ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂ ਕਿ ਭਰਤੀ ਸਮੇਂ ਇਨ੍ਹਾਂ ਦੇ ਤਜਰਬਾ ਸਰਟੀਫਿਕੇਟ ਸਹੀ ਪਾਏ ਗਏ | ਇਹ ਕਰਮਚਾਰੀ ਤਿੰਨ ਸਾਲ ਦੀ ਸੇਵਾ ਵੀ ਕਰ ਚੁੱਕੇ ਹਨ, ਜਿਸ ਕਾਰਨ ਮੁਲਾਜ਼ਮਾਂ ਵਿਚ ਸਖਤ ਬੇਚੈਨੀ ਤੇ ਰੋਸ ਹੈ | ਜਾਇੰਟ ਫੋਰਮ ਚੇਅਰਮੈਨ ਪਾਵਰਕਾਮ ਨੂੰ ਮਿਲ ਕੇ ਮੁਲਾਜ਼ਮਾਂ ਦੇ ਰੋਸ ਤੋਂ ਜਾਣੂ ਕਰਵਾ ਚੁੱਕਾ ਹੈ | ਕਰਮ ਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜੁਆਇੰਟ ਫੋਰਮ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਮਸਲਿਆਂ ਬਾਰੇ ਜਥੇਬੰਦੀ ਦਾ ਵਫਦ ਬਿਜਲੀ ਮੰਤਰੀ ਸਮੇਤ ਸਮੁੱਚੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੈਮੋਰੰਡਮ ਦੇ ਕੇ ਇਨਸਾਫ ਦੀ ਮੰਗ ਕਰੇਗਾ | ਇਸ ਤੋਂ ਇਲਾਵਾ ਕਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਵੀ ਮਿਲੇਗਾ ਅਤੇ ਇਨਸਾਫ ਲਈ ਕਾਨੂੰਨੀ ਰਾਹ ਵੀ ਅਖਤਿਆਰ ਕਰੇਗਾ | ਪਹਿਲਾਂ ਐਲਾਣੇ ਸੰਘਰਸ਼ ਅਨੁਸਾਰ 16 ਮਾਰਚ, 21 ਮਾਰਚ ਤੇ 28 ਮਾਰਚ ਨੂੰ ਜ਼ੋਨਲ ਪੱਧਰ ਦੇ ਧਰਨੇ ਦੇਣ ਉਪਰੰਤ 11 ਅਪ੍ਰੈਲ ਨੂੰ ਹੈੱਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ | ਜੇਕਰ ਬਿਜਲੀ ਮੁਲਾਜ਼ਮਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ |

LEAVE A REPLY

Please enter your comment!
Please enter your name here