ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਟੀਚਰਾਂ ਨੇ ਸੋਮਵਾਰ ਸੂਬਾ ਸਰਕਾਰ ਤੋਂ ਗਰਾਂਟਾਂ ਦੀ ਮੰਗ ਲਈ ਇੱਥੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ | ਵਿਦਿਆਰਥੀ ਯੂਨੀਵਰਸਿਟੀ ਦੇ ਐਂਟਰੀ ਗੇਟ ਬੰਦ ਕਰਕੇ ਧਰਨੇ ‘ਤੇ ਬੈਠ ਗਏ | ਕੈਂਪਸ ਦਾ ਸਾਰਾ ਕੰਮਕਾਜ ਠੱਪ ਹੋ ਗਿਆ ਹੈ | ਧਰਨਾ ਰਾਜ ਸਰਕਾਰ ਵੱਲੋਂ ਬੱਜਟ ‘ਚ ਯੂਨੀਵਰਸਿਟੀ ਲਈ ਮੰਗਾਂ ਅਨੁਸਾਰ ਫੰਡ ਅਲਾਟ ਨਾ ਕਰਨ ਦੇ ਵਿਰੋਧ ‘ਚ ਦਿੱਤਾ ਜਾ ਰਿਹਾ ਹੈ | ਵਿਦਿਆਰਥੀਆਂ ਨੇ ਸਵੇਰੇ 11 ਵਜੇ ਯੂਨੀਵਰਸਿਟੀ ਦੇ ਐਂਟਰੀ ਗੇਟ ਬੰਦ ਕਰ ਦਿੱਤੇ | ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨਾਲ ਜੁੜ ਕੇ ਉਨ੍ਹਾਂ ਨੇ ਫੰਡਾਂ ਦੀ ਕਮੀ ਦੀ ਮਾਰ ਝੱਲ ਰਹੀ ਯੂਨੀਵਰਸਿਟੀ ਲਈ ਗਰਾਂਟਾਂ ਦੀ ਮੰਗ ਕੀਤੀ | ਉਧਰ, ਪੰਜਾਬੀ ਯੂਨੀਵਰਸਿਟੀ ਬਚਾਓ ਦੇ ਨਾਂਅ ਹੇਠ ਕਾਇਮ ਸਾਂਝਾ ਮੋਰਚਾ ਦੇ ਸੱਦੇ ‘ਤੇ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਵੀ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੋਂ ਸਾਲਾਨਾ ਗਰਾਂਟ ‘ਚ ਵਾਧੇ ਦੀ ਮੰਗ ਕੀਤੀ ਹੈ |





