ਅੰਮਿ੍ਤਸਰ
(ਜਸਬੀਰ ਸਿੰਘ ਪੱਟੀ)
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਦੇ ਤੀਜੇ ਪੜਾਅ ਦਾ ਸਮਾਗਮ ਸੋਮਵਾਰ ਛਾਉਣੀ ਬੁੱਢਾ ਦਲ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਹਾਨ ਗੁਰਮਤਿ ਸਮਾਗਮ ਹੋਏ, ਜਿਸ ਵਿਚ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਗੁ: ਬੋਰਡ ਹਜ਼ੂਰ ਸਾਹਿਬ ਅਤੇ ਵੱਡੀ ਗਿਣਤੀ ਸਿੱਖ ਸੰਪਰਦਾਵਾਂ, ਸੰਸਥਾਵਾਂ ਤੇ ਨਿਹੰਗ ਸਿੰਘ ਦਲਾਂ ਨੇ ਵਧ-ਚੜ੍ਹ ਕੇ ਹਾਜ਼ਰੀ ਭਰੀ |
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਘਾਲੀਆਂ ਘਾਲਾਂ ਕਾਰਨ ਹੀ ਸਿੱਖਾਂ ਦਾ ਸ਼ਾਨਾਮੱਤਾ ਇਤਹਾਸ ਹੈ | ਬੁੱਢਾ ਦਲ ਵੱਲੋਂ ਅਕਾਲੀ ਜੀ ਦੀ ਮਨਾਈ ਗਈ ਸ਼ਤਾਬਦੀ ਇਤਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋਵੇਗੀ |
ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵੱਲੋਂ ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ ਨੇ ਕਿਹਾ ਕਿ ਅਰਦਾਸ ਵਿਚ ਬਹੁਤ ਵੱਡੀ ਸ਼ਕਤੀ ਹੈ | ਹਰ ਸਿੱਖ ਦੀ ਅਰਦਾਸ ਅਕਾਲ ਪੁਰਖ ਸੁਣਦਾ ਤੇ ਪ੍ਰਵਾਨ ਕਰਦਾ ਹੈ | ਉਸ ‘ਤੇ ਨਿਸ਼ਠਾ ਰੱਖਣ ਵਾਲੇ ਸੇਵਕਾਂ ਵੱਲੋਂ ਕੀਤੀ ਅਰਦਾਸ ਵਿਰਥਾ ਨਹੀਂ ਜਾਂਦੀ | ਅਕਾਲੀ ਜੀ ਏਸੇ ਅਰਦਾਸ ਦੇ ਪਹਿਰੇਦਾਰ ਸਨ |
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਗੁਰਦੁਆਰਾ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਡਾ. ਪਰਮਿੰਦਰ ਸਿੰਘ ਪਸਰੀਚਾ ਵੱਲੋਂ ਸਰਨ ਸਿੰਘ ਸੋਢੀ ਸੁਪਰਡੈਂਟ, ਕਪੂਰ ਸਿੰਘ ਸਕੱਤਰ, ਜਤਿੰਦਰ ਸਿੰਘ ਗਾਗਰੀਆ, ਰਵਿੰਦਰ ਸਿੰਘ ਬੁੰਗਈ, ਨਰਿੰਦਰ ਸਿੰਘ ਚਿਰਾਗੀਆ, ਇੰਦਰਪਾਲ ਸਿੰਘ ਫੌਜੀ, ਨਾਨਕਸਰ ਸੰਪਰਦਾ ਵੱਲੋਂ ਭਾਈ ਤੇਜਿੰਦਰ ਸਿੰਘ ਜਿੰਦੂ, ਨਿਰਮਲੇ ਸੰਪਰਦਾ ਵੱਲੋਂ ਬਾਬਾ ਤੇਜਾ ਸਿੰਘ ਗੁਰੂਸਰ ਖੁੱਡਾ ਕੁਰਾਲਾ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ | ਸਮੂਹ ਨਿਹੰਗ ਸਿੰਘਾਂ ਵੱਲੋਂ ਬਾਬਾ ਬਿਧੀ ਚੰਦ ਸੰਪਰਦਾ ਤਰਨਾ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਕਿਹਾ ਕਿ ਬੁੱਢਾ ਦਲ ਵੱਲੋਂ ਕੀਤੇ ਕਾਰਜ ਪ੍ਰਸੰਸਾਜਨਕ ਹਨ | ਨਿਹੰਗ ਸਿੰਘਾਂ ਦੇ ਇਤਹਾਸ ਨੂੰ ਅੱਗੇ ਤੋਰਨ ਲਈ ਉਨ੍ਹਾ ਬਾਬਾ ਬਲਬੀਰ ਸਿੰਘ ਨੂੰ ਵਧਾਈ ਦਿੱਤੀ | ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਗੱਜਣ ਸਿੰਘ ਵੱਲੋਂ ਬਾਬਾ ਗੁਰਵਿੰਦਰ ਸਿੰਘ ਨੰਗਲੀ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ ਨੇ ਸੰਬੋਧਨ ਕੀਤਾ | ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਗਿਆਨੀ ਸ਼ੇਰ ਸਿੰਘ ਅੰਬਾਲਾ, ਬਾਬਾ ਬੰਤਾ ਸਿੰਘ ਮੰੁਡਾ ਪਿੰਡ ਕਥਾਵਾਚਕ, ਡਾਕਟਰ ਸਤਿਪ੍ਰੀਤ ਕੌਰ, ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ, ਭਾਈ ਮਹਿਲ ਸਿੰਘ ਦੇ ਢਾਡੀ ਜਥਿਆਂ ਨੇ ਅਕਾਲੀ ਫੂਲਾ ਸਿੰਘ ਦੀਆਂ ਵਾਰਾਂ ਗਾ ਕੇ ਬੀਰ ਰਸ ਦਾ ਰੰਗ ਬੰਨਿ੍ਹਆ | ਨਿਹੰਗ ਮੇਜਰ ਸਿੰਘ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਬਾਬਾ ਅਵਤਾਰ ਸਿੰਘ ਧੂਰਕੋਟ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਅਕਾਲੀ, ਬਾਬਾ ਨਾਗਰ ਸਿੰਘ, ਗੁਰਚਰਨ ਸਿੰਘ ਗਰੇਵਾਲ ਜਨਰਲ ਸਕੱਤਰ ਨੇ ਸਾਂਝੇ ਤੌਰ ‘ਤੇ ਸਿੱਖ ਵਿਦਵਾਨ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਸੰਬੰਧੀ ਤਿਆਰ ਕੀਤਾ ‘ਨਿਹੰਗ ਸਿੰਘ ਸੰਦੇਸ਼’ ਰਸਾਲਾ, ‘ਛਾਉਣੀ ਬੁੱਢਾ ਦਲ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦਾ ਸੰਖੇਪ ਇਤਿਹਾਸ’ ਅਤੇ ‘ਅਰਦਾਸੇ ਦੇ ਪਹਿਰੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ’ ਵਿਸ਼ੇਸ਼ ਕਿਤਾਬਾਂ ਰਿਲੀਜ਼ ਕੀਤੀਆਂ | ਇਸੇ ਮੰਚ ਤੋਂ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਚਾਂਦੀ ਦੇ ਯਾਦਗਾਰੀ ਸਿੱਕੇ ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਗੁਰਦੇਵ ਸਿੰਘ ਤੇ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੇ ਸਾਂਝੇ ਤੌਰ ‘ਤੇ ਰਿਲੀਜ਼ ਕੀਤੇ |





