ਸੀ ਪੀ ਐੱਮ ਦੇ ਸੈਂਕੜੇ ਵਰਕਰ ਸੀ ਪੀ ਆਈ ‘ਚ ਸ਼ਾਮਲ

0
179

ਮਾਨਸਾ (ਆਤਮਾ ਸਿੰਘ ਪਮਾਰ)
ਸੀ ਪੀ ਆਈ (ਐੱਮ) ਦੀ ਸੂਬਾਈ ਲੀਡਰਸ਼ਿਪ ਤੋਂ ਨਿਰਾਸ਼ ਤੇ ਨਾਂਹ-ਪੱਖੀ ਰਵੱਈਏ ਤੋਂ ਪੀੜਤ ਹੋ ਕੇ ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਬਾਜੇਵਾਲਾ, ਤਹਿਸੀਲ ਮਾਨਸਾ ਦੇ ਸਕੱਤਰ ਕਰਨੈਲ ਸਿੰਘ ਭੀਖੀ, ਸਰਦੂਲਗੜ੍ਹ ਦੇ ਸਕੱਤਰ ਗੁਰਪਿਆਰ ਸਿੰਘ ਫੱਤਾ ਆਦਿ 11 ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਪਾਰਟੀ ਨੂੰ ਅਲਵਿਦਾ ਕਹਿ ਸੀ ਪੀ ਆਈ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਸਮੇਂ ਸਨਮਾਨ ਸਮਾਰੋਹ ਮੌਕੇ ਪਾਰਟੀ ਵਿੱਚ ਸ਼ਾਮਲ ਕਰਨ ਦੌਰਾਨ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਤੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਪਰਵਾਰ ਵਿੱਚ ਸ਼ਾਮਲ ਹੋਏ ਹਰ ਇੱਕ ਆਗੂ ਤੇ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ, ਕਿਉਂਕਿ ਅਜੋਕੇ ਦੌਰ ਵਿੱਚ ਫਾਸ਼ੀਵਾਦੀ ਹਮਲਿਆਂ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਲੜੇ ਜਾ ਰਹੇ ਸੰਘਰਸ਼ ਵਿੱਚ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਦੀ ਮਜ਼ਬੂਤੀ ਸਮੇਂ ਦੀ ਮੁੱਖ ਲੋੜ ਹੈ | ਸ੍ਰੀ ਅਰਸ਼ੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਦੀ ਸ਼ਮੂਲੀਅਤ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ | ਇਸ ਸਮੇਂ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਦਾ ਜ਼ਿਲ੍ਹਾ ਸਕੱਤਰੇਤ ਵੱਲੋਂ ਸਿਰੋਪੇ ਅਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ |
ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕ੍ਰਮਵਾਰ ਰਾਜਿੰਦਰ ਹੀਰੇਵਾਲਾ, ਬਲਵਿੰਦਰ ਕੋਟ ਧਰਮੂ, ਸਾਧੂ ਰਾਮਾਨੰਦੀ, ਦਰਸ਼ਨ ਧਲੇਵਾਂ, ਸ਼ੰਕਰ ਜਟਾਣਾ, ਤੇਜਾ ਹੀਰਕੇ, ਕਾਲਾ ਖਾਂ ਭੰਮੇ, ਨਿਰਮਲ ਬੱਪੀਆਣਾ, ਗੁਰਜਿੰਦਰ ਜੋਗਾ, ਸੁਖਦੇਵ ਰਾਮਾਨੰਦੀ, ਬੂਟਾ ਖੀਵਾ, ਲਛਮਣ ਉਲਕ, ਰਾਜ ਦੂਲੋਵਾਲ, ਤੇਜਾ ਦੂਲੋਵਾਲ, ਦੇਸ ਰਾਜ ਕੋਟ ਧਰਮੂ, ਸਿਕੰਦਰ ਸੱਦਾ ਸਿੰਘ ਵਾਲਾ, ਗੁਰਪ੍ਰੀਤ ਬਰਨ, ਸਿਮਰੂ ਬਰਨ, ਬੱਗਾ ਕੋਟ ਧਰਮੂ, ਜਰਨੈਲ ਭੀਖੀ, ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮੌੜ, ਜ਼ਿਲ੍ਹਾ ਸਕੱਤਰ ਹਰਪਾਲ ਫੱਤਾ, ਜ਼ਿਲ੍ਹਾ ਖਜ਼ਾਨਚੀ ਜਸਪ੍ਰੀਤ ਹੀਰੇਵਾਲਾ, ਮੀਤ ਪ੍ਰਧਾਨ ਜਸਪ੍ਰੀਤ ਮਾਖਾ, ਬਿੰਦਰ ਮਾਖਾ ਆਦਿ ਆਗੂਆਂ ਤੋਂ ਇਲਾਵਾ ਵਰਕਰ ਸ਼ਾਮਲ ਹੋਏ | ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਵੇਦ ਪ੍ਰਕਾਸ਼ ਬੁਢਲਾਡਾ, ਸੀਤਾ ਰਾਮ ਗੋਬਿੰਦਪੁਰਾ, ਮਨਜੀਤ ਗਾਮੀਵਾਲਾ, ਰੂਪ ਸਿੰਘ ਢਿੱਲੋਂ, ਮਲਕੀਤ ਮੰਦਰਾਂ, ਦਲਜੀਤ ਮਾਨਸ਼ਾਹੀਆ, ਨਰੇਸ਼ ਬੁਰਜ ਹਰੀ ਤੇ ਸੁਖਰਾਜ ਜੋਗਾ ਆਦਿ ਆਗੂ ਸ਼ਾਮਲ ਸਨ |

LEAVE A REPLY

Please enter your comment!
Please enter your name here