24 C
Jalandhar
Thursday, September 19, 2024
spot_img

ਤਨਖਾਹਾਂ ਤੇ ਪੈਨਸ਼ਨਾਂ ਲਈ ਮੁਜ਼ਾਹਰਾ ਤੇ ਮਾਰਚ

ਪਟਿਆਲਾ : ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਨੇ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਾ ਹੋਣ ਦੇ ਵਿਰੋਧ ਵਿੱਚ ਮੰਗਲਵਾਰ ਜ਼ਬਰਦਸਤ ਰੋਸ ਭਰਪੂਰ ਰੈਲੀ ਕੀਤੀ ਅਤੇ ਬਾਅਦ ਵਿੱਚ ਬਜ਼ਾਰਾਂ ਵਿੱਚ ਦੀ ਮੁਜ਼ਾਹਰਾ ਕਰਦੇ ਹੋਏ ਬੱਸ ਸਟੈਂਡ ਦੇ ਅੰਦਰ ਵੀ ਭਰਪੂਰ ਨਾਅਰੇਬਾਜ਼ੀ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਵਰਕਰਾਂ ਵਿਰੋਧੀ ਨੀਤੀਆਂ ਦੀ ਜ਼ਬਰਦਸਤ ਨਿਖੇਧੀ ਕੀਤੀ | ਰੋਸ ਰੈਲੀ ਨੂੰ ਯੂਨੀਅਨ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਰਚ ਦਾ ਅੱਧਾ ਮਹੀਨਾ ਬੀਤ ਜਾਣ ‘ਤੇ ਵੀ ਵਰਕਰਾਂ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਤਨਖਾਹ ਤੇ ਪੈਨਸ਼ਨ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਲੱਗਭੱਗ 100 ਕਰੋੜ ਦੇ ਬਕਾਏ ਰਿਟਾਇਰਡ ਕਰਮਚਾਰੀਆਂ ਦੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਲੱਖਾਂ ਰੁਪਏ ਮੈਡੀਕਲ ਬਿੱਲਾਂ ਦੀ ਭਰਪਾਈ ਕੀਤੀ ਜਾ ਰਹੀ ਹੈ | ਇਕੱਲੀ ਪੀ ਆਰ ਟੀ ਸੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਫਰ ਸਹੂਲਤਾਂ ਦੇ ਹੀ 400 ਕਰੋੜ ਤੋਂ ਵੱਧ ਦੀ ਰਕਮ ਸਰਕਾਰ ਵੱਲ ਬਕਾਇਆ ਖੜੀ ਹੈ | ਸਰਕਾਰ ਮਹਿਕਮੇ ਦੀ ਆਮਦਨ ਵਧਾਉਣ ਲਈ ਸੰਜੀਦਾ ਨਹੀਂ ਤੇ ਨਵੀਂਆਂ ਬੱਸਾਂ ਪਾਉਣ ਤੋਂ ਵੀ ਆਨਾਕਾਨੀ ਕਰ ਰਹੀ ਹੈ | ਪ੍ਰਾਈਵੇਟ ਟ੍ਰਾਂਸਪੋਰਟ ਮਾਫੀਆ ਪਹਿਲੀਆਂ ਸਰਕਾਰਾਂ ਦੇ ਸਮੇਂ ਵਾਂਗ ਧੜੱਲੇ ਨਾਲ ਪੰਜਾਬ ਵਿੱਚ ਕਾਬਜ਼ ਹੈ, ਮੈਨੇਜਮੈਂਟ ਆਪਣੀ ਜ਼ਿੰਮੇਵਾਰੀ ਨਾ ਸਮਝਦੀ ਹੋਈ ਗੇਂਦ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੰਦੀ ਹੈ ਕਿ ਸਰਕਾਰ ਵੱਲੋਂ ਪੈਸਾ ਨਹੀਂ ਆ ਰਿਹਾ, ਜਿਸ ਦੀ ਧਾਲੀਵਾਲ ਨੇ ਪੁਰਜੋਰ ਨਿੰਦਾ ਕੀਤੀ | ਉਨ੍ਹਾ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਆਪਣੇ ਦਿੱਲੀ ਬੈਠੇ ਆਕਾਵਾਂ ਦੇ ਕਹੇ ਅਨੁਸਾਰ ਕੰਮ ਕਰਦੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਾਰਪੋਰੇਟੀ ਨੀਤੀਆਂ ਬੜੀ ਬੇਸ਼ਰਮੀ ਨਾਲ ਲਾਗੂ ਕਰ ਰਹੀ ਹੈ, ਜਿਸ ਨਾਲ ਮਜ਼ਦੂਰ ਜਮਾਤ ਬੁਰੀ ਤਰ੍ਹਾਂ ਪਿਸ ਰਹੀ ਹੈ | ਉਨ੍ਹਾ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਤਨਖਾਹ ਤੇ ਪੈਨਸ਼ਨ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਰਿਟਾਇਰਾਂ ਦੇ ਬਕਾਏ ਅਤੇ ਮੈਡੀਕਲ ਬਿੱਲਾਂ ਦੀ ਪੇਮੈਂਟ ਕੀਤੀ ਜਾਵੇ | 1992 ਦੀ ਪੈਨਸ਼ਨ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ 1992 ਦੀ ਪੈਨਸ਼ਨ ਸਕੀਮ ਦੇ ਘੇਰੇ ਅੰਦਰ ਲਿਆਂਦਾ ਜਾਵੇ | ਰੈਲੀ ਨੂੰ ਭਾਈਚਾਰਾ ਯੂਨੀਅਨ ਦੇ ਜਨਰਲ ਸਕੱਤਰ ਮੁਹੰਮਦ ਖਲੀਲ, ਪ੍ਰਧਾਨ ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਖਜ਼ਾਨਚੀ, ਰਾਮ ਸਰੂਪ ਅਗਰਵਾਲ ਚੇਅਰਮੈਨ ਅਤੇ ਰਮੇਸ਼ ਕੁਮਾਰ ਡਿਪਟੀ ਜਨਰਲ ਸਕੱਤਰ ਨੇ ਵੀ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles