36.9 C
Jalandhar
Friday, March 29, 2024
spot_img

ਨੀਂਦ ਤੇ ਵੈਕਸੀਨ ਦਾ ਕੁਨੈਕਸ਼ਨ

ਸਿਹਤ ਖੇਤਰ ਦੇ ਖੋਜੀਆਂ ਨੇ ਨਵੇਂ ਅਧਿਐਨ ਵਿਚ ਸਿੱਟਾ ਕੱਢਿਆ ਹੈ ਕਿ ਵੈਕਸੀਨੇਸ਼ਨ ਤੋਂ ਪਹਿਲੇ ਤੇ ਬਾਅਦ ਦੇ ਦਿਨਾਂ ‘ਚ ਘੱਟ ਨੀਂਦ ਕਾਰਨ ਵੈਕਸੀਨ ਪੂਰਾ ਅਸਰ ਨਹੀਂ ਕਰਦੀ | ਖੋਜੀਆਂ ਨੇ ਲੱਭਿਆ ਕਿ ਜਿਹੜੇ ਲੋਕਾਂ ਨੇ ਵੈਕਸੀਨ ਦੀ ਤਰੀਕ ਦੇ ਲਾਗੇ ਛੇ ਘੰਟਿਆਂ ਤੋਂ ਘੱਟ ਨੀਂਦ ਲਈ, ਉਨ੍ਹਾਂ ਵਿਚ 7 ਘੰਟੇ ਜਾਂ ਵੱਧ ਨੀਂਦ ਲੈਣ ਵਾਲਿਆਂ ਨਾਲੋਂ ਐਂਟੀਬਾਡੀਜ਼ ਘੱਟ ਬਣੀਆਂ | ਫਰੈਂਚ ਨੈਸ਼ਨਲ ਇੰਸਟੀਚਿਊਟ ਫਾਰ ਹੈੱਲਥ ਐਂਡ ਰਿਸਰਚ ਵਿਖੇ ਨੀਂਦ ਬਾਰੇ ਖੋਜ ਕਰਨ ਵਾਲੀ ਕੈਰੀਨ ਸਪੀਗਲ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਵੈਕਸੀਨ ਲੁਆਉਣ ਦੇ ਨੇੜੇ-ਤੇੜੇ ਦੇ ਸਮੇਂ ‘ਚ ਘੱਟੋ-ਘੱਟ 7 ਤੋਂ 8 ਘੰਟੇ ਨੀਂਦ ਜ਼ਰੂਰੀ ਹੈ | ਇਸ ਤੋਂ ਪਹਿਲਾਂ ਦੇ ਅਧਿਐਨਾਂ ਵਿਚ ਕਿਹਾ ਗਿਆ ਸੀ ਕਿ ਲਿੰਗ, ਉਮਰ, ਮੋਟਾਪਾ, ਸਿਗਰਟਨੋਸ਼ੀ ਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਵੈਕਸੀਨਾਂ ਪੂਰੀ ਤਰ੍ਹਾਂ ਕਾਰਗਰ ਨਹੀਂ ਹੁੰਦੀਆਂ | ਨਵੇਂ ਅਧਿਐਨ ‘ਚ ਕਿਹਾ ਗਿਆ ਹੈ ਕਿ ਉਪਰੋਕਤ ਕਾਰਕਾਂ ਨੂੰ ਛੇਤੀ ਕੀਤੇ ਬਦਲਣਾ ਮੁਸ਼ਕਲ ਹੈ, ਪਰ ਨੀਂਦ ਮਾਣਨੀ ਮੁਕਾਬਲਤਨ ਸੌਖੀ ਹੈ | ਨਵਾਂ ਅਧਿਐਨ ਇਨਫਲੂਏਾਜ਼ਾ ਤੇ ਹੈਪੇਟਾਈਟਸ ਲਈ ਵਰਤੀਆਂ ਜਾਂਦੀਆਂ ਵੈਕਸੀਨਾਂ ਦੇ ਮਾਮਲੇ ਵਿਚ ਕੀਤਾ ਗਿਆ ਹੈ | ਇਹ ਪਾਇਆ ਗਿਆ ਕਿ ਪੂਰੀ ਨੀਂਦ ਲੈਣ ਵਾਲੇ ਅਜਿਹੇ ਰੋਗੀਆਂ ‘ਤੇ ਵੈਕਸੀਨ ਦਾ ਚੰਗਾ ਅਸਰ ਹੋਇਆ | ਖੋਜੀਆਂ ਮੁਤਾਬਕ ਇਨ੍ਹਾਂ ਦੋ ਰੋਗਾਂ ਹੀ ਨਹੀਂ, ਹੋਰਨਾਂ ਵਾਇਰਸਾਂ ਵਿਰੁੱਧ ਵੀ ਚੰਗੀ ਨੀਂਦ ਸਹਾਇਕ ਹੋ ਸਕਦੀ ਹੈ | ਇਹ ਤਾਂ ਸੱਚ ਹੈ ਕਿ ਨੀਂਦ ਤਕੜਾ ਇਮਿਊਨ ਸਿਸਟਮ ਬਣਾਉਣ ਵਿਚ ਸਹਾਈ ਹੁੰਦੀ ਹੈ ਤੇ ਨਵੇਂ ਅਧਿਐਨ ‘ਚ ਵੀ ਇਸ ਦੀ ਪ੍ਰੋੜ੍ਹਤਾ ਹੋਈ ਹੈ | ਨੀਂਦ ਦੌਰਾਨ ਇਮਿਊਨ ਸਿਸਟਮ ਦੇ ਸੰਘਟਕਾਂ ਦੀ ਅੰਤਰ-ਕਿਰਿਆ ਕਿਟਾਣੂਆਂ ਨੂੰ ਪਛਾਨਣ ਤੇ ਉਨ੍ਹਾਂ ਨਾਲ ਲੜਨ ਲਈ ਸਿਸਟਮ ਦੀ ਯੋਗਤਾ ਵਧਾਉਂਦੀ ਹੈ | ਜਦੋਂ ਨੀਂਦ ਘੱਟ ਆਉਂਦੀ ਹੈ ਤਾਂ ਇਹ ਅੰਤਰ-ਕਿਰਿਆ ਘੱਟ ਕਾਰਗਰ ਹੁੰਦੀ ਹੈ | ਇਸ ਨਵੀਂ ਕਾਢ ਦੇ ਨਾਲ ਹੀ ਖੋਜੀਆਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਹੋਰ ਖੋਜ ਲੋੜੀਂਦੀ ਹੈ | ਮਿਸਾਲ ਵਜੋਂ ਪੂਰੀ ਨੀਂਦ ਲੈਣ ਵਾਲੇ ਮਰਦਾਂ ਦਾ ਇਮਿਊਨ ਸਿਸਟਮ ਤਕੜਾ ਹੁੰਦਾ ਹੈ, ਜਦਕਿ ਮਹਿਲਾਵਾਂ ਵਿਚ ਘੱਟ ਤਕੜਾ | ਵਿਗਿਆਨੀਆਂ ਨੂੰ ਸ਼ੱਕ ਹੈ ਕਿ ਅਜਿਹਾ ਮਹਿਲਾਵਾਂ ਵਿਚ ਸੈਕਸ ਹਾਰਮੋਨ ਦੇ ਪੱਧਰ ‘ਚ ਤਬਦੀਲੀ ਕਾਰਨ ਹੁੰਦਾ ਹੈ | ਸਪੀਗਲ ਦਾ ਕਹਿਣਾ ਹੈ ਕਿ ਮਰਦਾਂ ਤੇ ਔਰਤਾਂ ਵਿਚਾਲੇ ਇਸ ਫਰਕ ਦਾ ਕਾਰਨ ਲੱਭਣ ਲਈ ਹਾਰਮੋਨ ਦੇ ਰੋਲ ਨੂੰ ਸਮਝਣ ਦੀ ਲੋੜ ਹੈ | ਇਹ ਵੀ ਪਤਾ ਲਾਉਣ ਦੀ ਲੋੜ ਹੈ ਕਿ ਕਿੰਨੇ ਦਿਨ ਘੱਟ ਸੌਣ ਕਰਕੇ ਐਂਟੀਬਾਡੀ ‘ਤੇ ਅਸਰ ਹੁੰਦਾ ਹੈ |

Related Articles

LEAVE A REPLY

Please enter your comment!
Please enter your name here

Latest Articles