ਨਵੀਂ ਦਿੱਲੀ : ਇੱਥੇ ਏਮਜ਼ ਦੇ ਡਾਕਟਰਾਂ ਨੇ ਮਾਂ ਦੇ ਗਰਭ ‘ਚ ਪਲ ਰਹੇ ਬੱਚੇ ਦੇ ਅੰਗੂਰ ਜਿੱਡੇ ਦਿਲ ਦੀ ਸਿਰਫ 90 ਸਕਿੰਟ ਬੈਲੂਨ ਸਰਜਰੀ ਕਰਕੇ ਦਿਲ ਦਾ ਬੰਦ ਵਾਲਵ ਖੋਲ੍ਹ ਦਿੱਤਾ | ਮਾਂ ਤੇ ਬੱਚਾ ਸੁਰੱਖਿਅਤ ਹਨ | 28 ਸਾਲ ਦੀ ਮਹਿਲਾ ਦੇ ਪਿਛਲੇ ਤਿੰਨ ਵਾਰ ਗਰਭਪਾਤ ਹੋ ਗਏ ਸਨ | ਡਾਕਟਰਾਂ ਨੇ ਮਹਿਲਾ ਨੂੰ ਬੱਚੇ ਦੀ ਦਿਲ ਦੀ ਹਾਲਤ ਬਾਰੇ ਦੱਸਿਆ ਸੀ ਤੇ ਅਪ੍ਰੇਸ਼ਨ ਦੀ ਸਲਾਹ ਦਿੱਤੀ ਸੀ, ਜਿਸ ਨੂੰ ਮਹਿਲਾ ਤੇ ਉਸ ਦੇ ਪਤੀ ਨੇ ਮੰਨ ਲਿਆ ਸੀ |
ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਜਦੋਂ ਬੱਚਾ ਗਰਭ ‘ਚ ਹੁੰਦਾ ਹੈ ਤਦ ਵੀ ਕੁਝ ਖਾਸ ਤਰੀਕਿਆਂ ਨਾਲ ਦਿਲ ਦੇ ਰੋਗ ਦਾ ਪਤਾ ਲਾਇਆ ਜਾ ਸਕਦਾ ਹੈ | ਰੋਗ ਗਰਭ ਵਿਚ ਹੀ ਦੂਰ ਕਰ ਦਿੱਤਾ ਜਾਵੇ ਤਾਂ ਬੱਚੇ ਦੀ ਸਿਹਤ ਬਿਹਤਰ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ | ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਕੀਤੀ ਗਈ ਸਰਜਰੀ ਦਾ ਨਾਂਅ ਬੈਲੂਨ ਡਾਈਲੇਸ਼ਨ ਹੈ | ਇਹ ਅਲਟਰਾਸਾਉਂਡ ਗਾਈਡੈਂਸ ਵਿਚ ਕੀਤੀ ਜਾਂਦੀ ਹੈ | ਮਾਂ ਦੇ ਪੇਟ ਰਾਹੀਂ ਬੱਚੇ ਦੇ ਦਿਲ ‘ਚ ਇਕ ਸੂਈ ਪਾਈ ਜਾਂਦੀ ਹੈ ਤੇ ਫਿਰ ਬੈਲੂਨ ਕੈਥੇਟਰ ਦੀ ਮਦਦ ਨਾਲ ਬੰਦ ਵਾਲਵ ਨੂੰ ਖੋਲਿ੍ਹਆ ਜਾਂਦਾ ਹੈ ਤਾਂ ਕਿ ਖੂਨ ਦਾ ਫਲੋਅ ਬਿਹਤਰ ਹੋ ਸਕੇ | ਡਾਕਟਰਾਂ ਨੇ ਦੱਸਿਆ ਕਿ ਆਮ ਤੌਰ ‘ਤੇ ਅਜਿਹੀ ਸਰਜਰੀ ਐਂਜੀਓਪਲਾਸਟੀ ਤਹਿਤ ਕੀਤੀ ਜਾਂਦੀ ਹੈ, ਪਰ ਗਰਭ ਵਿਚਲੇ ਬੱਚੇ ਦੀ ਸਰਜਰੀ ਅਲਟਰਾਸਾਉਂਡ ਗਾਈਡੈਂਸ ਨਾਲ ਕੀਤੀ ਜਾਂਦੀ ਹੈ ਤੇ ਬਹੁਤ ਛੇਤੀ ਕਰਨੀ ਹੁੰਦੀ ਹੈ ਕਿਉਂਕਿ ਇਸ ਵਿਚ ਦਿਲ ਦੇ ਚੈਂਬਰ ਨੂੰ ਪੈਂਚਰ ਕੀਤਾ ਜਾਂਦਾ ਹੈ | ਥੋੜ੍ਹੀ ਜਿਹੀ ਚੂਕ ਜਾਂ ਸਮਾਂ ਵੱਧ ਲੱਗਣ ਨਾਲ ਬੱਚੇ ਦੀ ਜਾਨ ਵੀ ਜਾ ਸਕਦੀ ਹੈ | ਇਹ ਸਰਜਰੀ ਸਿਰਫ 90 ਸਕਿੰਟਾਂ ਵਿਚ ਪੂਰੀ ਕੀਤੀ ਗਈ |




