ਬਰਸਟ ਵੱਲੋਂ ਰੂਰਲ ਡਿਵੈੱਲਪਮੈਂਟ ਫੰਡ ਜਾਰੀ ਨਾ ਕਰਨ ਲਈ ਕੇਂਦਰ ਦੀ ਨਿੰਦਾ

0
235

ਚੰਡੀਗੜ੍ਹ, (ਗੁਰਜੀਤ ਬਿੱਲਾ) -ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਚੇਅਰਮੈਨਾਂ ਦੀ ਅਣਦੇਖੀ ਅਤੇ ਭਿ੍ਸ਼ਟਾਚਾਰ ਕਾਰਨ ਪੰਜਾਬ ਦੀਆਂ ਮੰਡੀਆਂ ਦੇ ਹਲਾਤ ਖਸਤਾ ਹੋਏ, ਪਰ ਹੁਣ ਉਨ੍ਹਾ ਦੀ ਦੇਖਰੇਖ ਹੇਠ ਮੰਡੀਆਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਜਾ ਰਹੇ ਹਨ |
ਬੁੱਧਵਾਰ ਨੂੰ ਪਾਰਟੀ ਦੇ ਸੂਬਾ ਸਕੱਤਰ ਡਾ. ਸੰਨੀ ਆਹਲੂਵਾਲੀਆ, ਗੁਰਦੇਵ ਸਿੰਘ ਲਾਖਾ, ਰਾਜਵਿੰਦਰ ਕੌਰ ਥਿਆੜਾ, ਅਮਨਦੀਪ ਸਿੰਘ ਮੋਹੀ ਅਤੇ ਸਮਿੰਦਰ ਸਿੰਘ ਖਿੰਡਾ ਨਾਲ ਮੁੱਖ ਦਫਤਰ ‘ਚ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 2014 ਵਿੱਚ 48 ਕਰੋੜ ਦੀ ਲਾਗਤ ਨਾਲ ਮੋਹਾਲੀ ਦੇ 65 ਸੈਕਟਰ ਵਿੱਚ ਬਣੀ ਏ ਸੀ ਮਾਰਕਿਟ ਦੀ ਈ ਆਕਸ਼ਨ ਕਰਕੇ ਮੰਡੀ ਬੋਰਡ ਦੀ ਆਮਦਨੀ ਵਿਚ ਵਾਧਾ ਕੀਤਾ ਜਾਵੇਗਾ | ਉਨ੍ਹਾ ਕਿਹਾ ਕਿ ਮਾਰਕਿਟ ਕਮੇਟੀਆਂ ਅਤੇ ਮੰਡੀ ਬੋਰਡ ਵੱਲੋਂ ਬਣਾਏ ਗੈੱਸਟ ਹਾਊਸਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ | ਉਨ੍ਹਾ ਕਿਹਾ ਕਿ 37 ਮਾਰਕਿਟ ਕਮੇਟੀਆਂ, ਜਿਨ੍ਹਾਂ ਕੋਲ ਏ ਟੀ ਐੱਮ ਲਗਾਉਣ ਲਈ ਢੁੱਕਵੀਂ ਜਗ੍ਹਾ ਹੈ, ਉੱਥੇ ਏ ਟੀ ਐੱਮ ਲਗਾਉਣ ਲਈ ਬੈਂਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ |
ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਮੰਡੀਆਂ ਦੇ ਨਾਲ ਖਾਲੀ ਪਈ ਥਾਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ, ਉੱਥੇ ਸਫਾਈ ਕਰਕੇ 12000 ਰੁੱਖ ਲਗਾਉਣ ਦੀ ਯੋਜਨਾ ਹੈ, ਜਿਸ ਨਾਲ ਬਾਅਦ ਵਿਚ ਮੰਡੀ ਬੋਰਡ ਨੂੰ ਆਰਥਕ ਫਾਇਦਾ ਵੀ ਹੋਵੇਗਾ | ਪੰਜਾਬ ਵਿੱਚ ਹਾੜ੍ਹੀ ਸੀਜ਼ਨ ਵਿੱਚ 132 ਲੱਖ ਮੀਟਿ੍ਕ ਟਨ ਕਣਕ ਫਸਲ ਆਉਣ ਦੀ ਸੰਭਾਵਨਾ ਹੈ, ਜਿਸ ਲਈ ਮੰਡੀ ਬੋਰਡ ਵੱਲੋਂ ਪੁਖਤਾ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾ ਫੀਲਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੀਜ਼ਨ ਲਈ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ, ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ |
ਉਹਨਾ ਕੇਂਦਰ ਸਰਕਾਰ ਵੱਲ ਪੈਂਡਿੰਗ 2880 ਕਰੋੜ ਰੂਰਲ ਡਿਵੈੱਲਪਮੈਂਟ ਫੰਡ ਜਾਰੀ ਨਾ ਕਰਨ ਲਈ ਭਾਜਪਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੰਡੀਆਂ ਦੇ ਵਿਕਾਸ ਲਈ ਮੋਦੀ ਸਰਕਾਰ ਜਲਦ ਤੋਂ ਜਲਦ ਇਹ ਫੰਡ ਜਾਰੀ ਕਰੇ, ਤਾਂ ਜੋ ਪੰਜਾਬ ਦੀਆਂ ਮੰਡੀਆਂ ਦੇ ਕੰਮ ਬਿਨਾਂ ਰੁਕਾਵਟ ਸੁਚਾਰੂ ਢੰਗ ਨਾਲ ਚਲਦੇ ਰਹਿਣ |
ਆਮ ਆਦਮੀ ਪਾਰਟੀ ਸਰਕਾਰ ਦੇ ਪੰਜਾਬ ਵਿੱਚ ਇੱਕ ਸਾਲ ਪੂਰੇ ਹੋਣ ‘ਤੇ ਉਹਨਾ ਪਾਰਟੀ ਦੇ ਅਹੁਦੇਦਾਰਾਂ, ਵਲੰਟੀਅਰਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਮਿਹਨਤ ਸਦਕਾ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਐਨਾ ਵੱਡਾ ਬਹੁਮਤ ਮਿਲਿਆ | ਇੱਕ ਸਾਲ ਵਿੱਚ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੀ ਅਤੇ ਉਨ੍ਹਾ ਦੀ ਸਰਕਾਰ ਨੇ ਲਗਭਗ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ |

LEAVE A REPLY

Please enter your comment!
Please enter your name here