ਚੰਡੀਗੜ੍ਹ (ਗੁਰਜੀਤ ਬਿੱਲਾ)- ਕਾਂਗਰਸ ਸਰਕਾਰ ਵੱਲੋਂ ਹਿਮਾਚਲ ‘ਚ ਪਣ ਬਿਜਲੀ ਉਤਪਾਦਨ ‘ਤੇ ਜਲ ਸੈੱਸ ਲਾਉਣ ਦੇ ਪ੍ਰਸਤਾਵ ‘ਤੇ ਆਮ ਆਦਮੀ ਪਾਰਟੀ ਨੇ ਬੁੱਧਵਾਰ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਗੁਆਂਢੀ ਸੂਬੇ ‘ਚ ਆਪਣੀ ਸਰਕਾਰ ‘ਤੇ ਦਬਾਅ ਬਣਾਉਣ ਲਈ ਕਿਹਾ ਕਿ ਉਹ ਇਸ ਪੰਜਾਬ ਵਿਰੋਧੀ ਕਾਰਵਾਈ ਨੂੰ ਤੁਰੰਤ ਵਾਪਸ ਲਵੇ | ‘ਆਪ’ ਦੇ ਸੂਬਾਈ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਬੁਲਾਰੇ ਨੀਲ ਗਰਗ ਅਤੇ ਗੋਬਿੰਦਰ ਮਿੱਤਲ ਨੇ ਕਾਂਗਰਸ ਸਰਕਾਰ ਦੇ ਇਸ ਕਦਮ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਕਾਂਗਰਸ ਲੀਡਰਸ਼ਿਪ ਦਾ ਪੰਜਾਬ ਵਿਰੋਧੀ ਸਟੈਂਡ ਇੱਕ ਵਾਰ ਫਿਰ ਉਜਾਗਰ ਹੋ ਗਿਆ ਹੈ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਅਤੇ ਹੋਰ ਸੂਬਾਈ ਲੀਡਰਸ਼ਿਪ ਦੀ ਆਪਣੀ ਕਾਂਗਰਸ ਸਰਕਾਰ ਦੀ ਇਸ ਪੰਜਾਬ ਵਿਰੋਧੀ ਕਾਰਵਾਈ ‘ਤੇ ਚੁੱਪੀ ਸਾਧਣ ਲਈ ਆਲੋਚਨਾ ਕਰਦੇ ਹੋਏ ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਆਗੂਆਂ ਦੇ ਇਸ ਰਵੱਈਏ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਅਤੇ ਪੰਜਾਬ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਵਾਲਾ ਕੰਮ ਕੀਤਾ ਹੈ | ਸੂਬੇ ਅਤੇ ਸੂਬੇ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦਾ ਇੱਕੋ-ਇੱਕ ਏਜੰਡਾ ਆਪਣੇ ਖਜ਼ਾਨੇ ਨੂੰ ਭਰਨਾ ਹੈ | ਉਨ੍ਹਾਂ ਕਿਹਾ ਕਿ ਜਿਵੇਂ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਹਾੜੀ ਰਾਜ ‘ਚ ਹਾਈਡਰੋ ਪ੍ਰੋਜੈਕਟ ਵੀ ਇਸ ਦੇ ਦਾਇਰੇ ‘ਚ ਆਉਣਗੇ, ਪ੍ਰਸਤਾਵਿਤ ਬਿੱਲ ਪੰਜਾਬ ‘ਤੇ ਵਾਧੂ ਵਿੱਤੀ ਬੋਝ ਪਾਵੇਗਾ |





