ਮੁਹਾਲੀ : ਸੀ ਬੀ ਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪਹਿਲਾਂ ਬੈਂਕ ਮੁਲਾਜ਼ਮ ਕੁਲਦੀਪ ਸਿੰਘ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੇ ਮਾਮਲੇ ‘ਚ ਪੰਜਾਬ ਪੁਲਸ ਦੇ ਤੱਤਕਾਲੀ ਇੰਸਪੈਕਟਰ ਸੂਬਾ ਸਿੰਘ ਉਰਫ ਸੂਬਾ ਸਰਹੰਦ ਅਤੇ ਉਸ ਦੇ ਗੰਨਮੈਨ ਝਿਰਮਲ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਸੂਬਾ ਸਿੰਘ ਨੂੰ 3 ਸਾਲ ਤੇ ਝਿਰਮਲ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਮਾਮਲੇ ‘ਚ ਨਾਮਜ਼ਦ ਉਸ ਸਮੇਂ ਦੇ ਐੱਸ ਐੱਚ ਓ ਗੁਰਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ | ਪੀੜਤ ਪਰਵਾਰ ਦੇ ਵਕੀਲ ਸਰਬਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਤਰਨ ਤਾਰਨ ਪੁਲਸ ਨੇ 1 ਜੂਨ 1992 ‘ਚ ਕੁਲਦੀਪ ਸਿੰਘ ਵਾਸੀ ਕੋਟਲੀ ਸਰੂਖਾ ਨੂੰ ਕਿਸੇ ਜਾਣਕਾਰ ਦੇ ਘਰੋਂ ਚੁੱਕ ਕੇ ਬਾਅਦ ‘ਚ ਝੂਠਾ ਮੁਕਾਬਲਾ ਦਿਖਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ |