ਮੁੰਬਈ : ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮੁੰਬਈ ਵੱਲ ਲਾਂਗ ਮਾਰਚ ਕਰ ਰਹੇ ਹਜ਼ਾਰਾਂ ਕਿਸਾਨਾਂ ਅਤੇ ਕਬਾਇਲੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਫਦ ਨੂੰ ਵੀਰਵਾਰ ਮਹਾਰਾਸ਼ਟਰ ਸਰਕਾਰ ਨੇ ਗੱਲਬਾਤ ਲਈ ਸੱਦ ਲਿਆ | ਮਾਰਚ ਨੇ ਸਰਕਾਰ ਨੂੰ ਝੰਜੋੜ ਦਿੱਤਾ ਹੈ |
ਇਸ ਤੋਂ ਪਹਿਲਾਂ ਮਾਰਚ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਜੀਵਾ ਗਾਵਿਤ ਨੇ ਦੱਸਿਆ ਕਿ ਉੱਤਰੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਤੋਂ ਮੁੰਬਈ ਵੱਲ ਵਧ ਰਹੇ ਕਿਸਾਨਾਂ ਅਤੇ ਆਦਿਵਾਸੀਆਂ ਦੇ ਠਾਣੇ ‘ਚ ਦਾਖਲ ਹੋਣ ਤੋਂ ਬਾਅਦ ਬੁੱਧਵਾਰ ਦੇਰ ਰਾਤ ਮੰਤਰੀ ਦਾਦਾ ਭੂਸੇ ਅਤੇ ਅਤੁਲ ਸੇਵ ਨੇ ਕਿਸਾਨਾਂ ਦੇ ਵਫਦ ਨਾਲ ਮੁਲਾਕਾਤ ਕੀਤੀ | ਵੱਖ-ਵੱਖ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਮੁੰਬਈ ਤੋਂ 200 ਕਿਲੋਮੀਟਰ ਦੂਰ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਸ਼ਹਿਰ ਤੋਂ ਮਾਰਚ ਸ਼ੁਰੂ ਕੀਤਾ ਗਿਆ ਸੀ |
ਉਨ੍ਹਾਂ ਦੀਆਂ ਮੰਗਾਂ ‘ਚ ਪਿਆਜ਼ ਦੇ ਕਿਸਾਨਾਂ ਨੂੰ 600 ਰੁਪਏ ਪ੍ਰਤੀ ਕੁਇੰਟਲ ਦੀ ਤੁਰੰਤ ਵਿੱਤੀ ਰਾਹਤ, 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਾ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਸ਼ਾਮਲ ਹੈ |