14.7 C
Jalandhar
Wednesday, December 11, 2024
spot_img

ਰੋਡਵੇਜ਼ ਮੁਲਾਜ਼ਮ ਸੰਘਰਸ਼ ਵਿੱਢਣ ਲਈ ਮਜਬੂਰ

ਮੋਗਾ (ਅਮਰਜੀਤ ਬੱਬਰੀ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਡੇਢ ਸਾਲਾ ਜਨਰਲ ਕੌਂਸਲ ਦੀ ਮੀਟਿੰਗ ਸੁਰਜੀਤ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਰੋਪੜ, ਅੰਗਰੇਜ਼ ਸਿੰਘ ਮੁਕਤਸਰ, ਬਿਕਰਮਜੀਤ ਸਿੰਘ ਛੀਨਾ ਅਤੇ ਗਗਨਦੀਪ ਸਿੰਘ ਢਿੱਲੋਂ ਦੇ ਪ੍ਰਧਾਨਗੀ ਮੰਡਲ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋਈ |
ਜਨਰਲ ਕੌਂਸਲ ਦੀ ਮੀਟਿੰਗ ਬਾਰੇ ਜਥੇਬੰਦੀ ਦੇ ਸਰਪ੍ਰਸਤ ਗੁਰਦੀਪ ਸਿੰਘ ਮੋਤੀ ਅਤੇ ਜਰਨਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਜਥੇਬੰਦੀ ਦੀ ਪ੍ਰੰਪਰਾ ਮੁਤਾਬਕ ਲਗਭਗ ਡੇਢ ਸਾਲ ਬਾਅਦ ਜਨਰਲ ਕੌਸਲ ਦੀ ਮੀਟਿੰਗ ਕਰਵਾਈ ਜਾਂਦੀ ਹੈ | ਮੀਟਿੰਗ ਵਿਚ ਜਥੇਬੰਦੀ ਦੀ ਮਜ਼ਬੂਤੀ ਲਈ ਅਤੇ ਮਹਿਕਮੇ ਦੀ ਅੱਤ ਦੀ ਮਾੜੀ ਹਾਲਤ ਬਾਰੇ 28 ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਬੁਲਾਰਿਆਂ ਨੇ ਦੱਸਿਆ ਕਿ ਟਰਾਂਸਪੋਰਟ ਮਹਿਕਮਾ ਅੱਜ ਬਹੁਤ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ | ਨਵੀਂ ਕਿਸਮ ਦੀ ਸਰਕਾਰ, ਜੋ ਬਦਲਾਓ ਦੇ ਨਾਂਅ ‘ਤੇ ਹੋਂਦ ਵਿਚ ਆਈ ਸੀ, ‘ਤੇ ਲੋਕਾਂ ਨੂੰ ਆਸਾਂ ਵੀ ਬਹੁਤ ਸਨ, ਪਰ ਮਹਿਕਮੇ ਦਾ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਸਰਕਾਰ ਇਸ ਮਹਿਕਮੇ ਬਾਰੇ ਸੰਜੀਦਾ ਨਹੀ ਹਨ | ਇਹ ਪਹਿਲੀ ਵਾਰ ਹੈ ਕਿ ਤੀਜੇ ਹਿੱਸੇ ਤੋਂ ਵੱਧ ਬੱਸਾਂ ਡਿਪੂਆਂ ਅੰਦਰ ਮਾਮੂਲੀ ਸਪੇਅਰ ਪਾਰਟਸ, ਪਾਸਿੰਗ ਅਤੇ ਸਟਾਫ ਦੀ ਘਾਟ ਕਾਰਨ ਖੜੀਆਂ ਹਨ | ਰੁਜ਼ਗਾਰ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਟ੍ਰਾਂਸਪੋਰਟ ਮਹਿਕਮੇ ਅੰਦਰ ਸਰਵਿਸ ਦੌਰਾਨ ਮਰਨ ਵਾਲੇ ਮੁਲਾਜ਼ਮਾਂ ਦੇ ਪਰਵਾਰਕ ਮੈਂਬਰ, ਜੋ ਲੰਮੇ ਸਮੇਂ ਤੋਂ ਨੌਕਰੀ ਦੀ ਆਸ ਲਾਈ ਬੈਠੇ ਹਨ ਉਨ੍ਹਾਂ ਨੂੰ ਨੌਕਰੀਆਂ ਨਹੀ ਮਿਲ ਰਹੀਆਂ, ਕਰਜ਼ਾ ਮੁਕਤ ਬੱਸਾਂ, ਜੋ ਰੋਡਵੇਜ਼ ਵਿੱਚ ਸ਼ਾਮਲ ਕਰਨੀਆਂ ਬਣਦੀਆਂ ਸਨ, ਲੰਮੇ ਸਮੇਂ ਦੀ ਚੱਲ ਰਹੀ ਕੋਸ਼ਿਸ਼ ਦੇ ਬਾਵਜੂਦ ਕੇਸ ਕਿਸੇ ਸਿਰੇ ਨਹੀਂ ਲੱਗਿਆ, ਵੱਖ-ਵੱਖ ਕੈਟਾਗਰੀਆਂ ਦੀਆਂ ਬਣਦੀਆਂ ਪ੍ਰਮੋਸ਼ਨਾਂ ਲੱਗਭੱਗ ਇੱਕ ਸਾਲ ਤੋਂ ਨਹੀਂ ਹੋਈਆਂ, ਪਰਮੋਸ਼ਨਾਂ ਦੀ ਉਡੀਕ ਕਰਦੇ ਕਈ ਮੁਲਾਜ਼ਮ ਬਿਨਾਂ ਪਰਮੋਸ਼ਨ ਹੀ ਰਿਟਾਇਰ ਹੋ ਰਹੇ ਹਨ | ਵਰਕਸ਼ਾਪਾਂ ਮੁਲਾਜ਼ਮਾਂ ਦੀ ਥੁੜ੍ਹੋਂ ਕਰਕੇ ਵੇਹਲੀਆਂ ਪਈਆਂ ਹਨ | ਕੋਈ ਨਵੀਂ ਟ੍ਰਾਂਸਪੋਰਟ ਨੀਤੀ ਨਹੀਂ ਲਿਆਂਦੀ ਗਈ, ਟ੍ਰਾਂਸਪੋਰਟ ਮੰਤਰੀ ਦੇ ਫੋਕੇ ਦਾਅਵੇ ਕਿ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰ ਕੇ ਨਜਾਇਜ਼ ਪਰਮਿਟ ਰੱਦ ਕਰ ਦਿੱਤੇ ਹਨ, ਪਰ ਉਹ ਬੱਸਾਂ ਬਿਨਾਂ ਰੋਕ-ਟੋਕ ਚੱਲ ਰਹੀਆਂ ਹਨ | ਨਜਾਇਜ਼ ਅਪਰੇਸ਼ਨ ਵਿੱਚ ਕੋਈ ਬਦਲਾਅ ਨਹੀਂ ਆਇਆ, ਟਾਇਮ-ਟੇਬਲ ਵੀ ਲਗਭਗ ਪਹਿਲਾਂ ਵਾਲੇ ਹੀ ਚੱਲ ਰਹੇ ਹਨ | ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੁਹਿਰਦ ਜਥੇਬੰਦੀਆਂ ਨੂੰ ਨਾਲ ਲੈ ਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਖਾਸ ਕਰਕੇ ਟਰਾਂਸਪੋਰਟ ਮੰਤਰੀ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਜਾਵੇਗਾ |
ਬੁਲਾਰੇ ਸਾਥੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀਆਂ ਸਰਕਾਰਾਂ ਦੀ ਤਰਜ਼ ‘ਤੇ ਹੀ ਚੱਲਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ, ਠੇਕੇ ਵਾਲੇ ਮੁਲਾਜ਼ਮਾਂ, ਸਕੀਮ ਵਰਕਰਾਂ ਦੇ ਮਸਲਿਆਂ ਨੂੰ ਅਣਗੌਲਿਆ ਕਰਕੇ ਜਥੇਬੰਦੀਆਂ ਨੂੰ ਸਮਾਂ ਦੇ ਕੇ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ, ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਆ ਰਹੀਆਂ ਚੋਣਾਂ ਮੌਕੇ ਭੁਗਤਣਾ ਪਵੇਗਾ |
ਮੀਟਿੰਗ ਵਿਚ 18 ਡਿਪੂਆਂ ਦੇ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਚੇਅਰਮੈਨ ਅਤੇ ਪੈਨਸ਼ਨਰਜ ਤੋਂ ਇਲਾਵਾ ਸੈਂਟਰ ਬਾਡੀ ਵੱਲੋਂ ਅਵਤਾਰ ਸਿੰਘ ਤਾਰੀ, ਗੁਰਜੰਟ ਸਿੰਘ ਕੋਕਰੀ, ਦੀਦਾਰ ਸਿੰਘ ਭੱਟੀ, ਬਲਰਾਜ ਸਿੰਘ ਭੰਗੂ, ਸੁਰਿੰਦਰ ਬਰਾੜ, ਗੁਰਮੇਲ ਸਿੰਘ ਮੈਡਲੇ, ਅਵਤਾਰ ਸਿੰਘ ਗਗੜਾ, ਦਵਿੰਦਰ ਕੁਮਾਰ, ਇਕਬਾਲ ਸਿੰਘ ਪਠਾਨਕੋਟ, ਗੁਰਜੀਤ ਸਿੰਘ, ਰਣਧੀਰ ਸਿੰਘ ਲੁਧਿਆਣਾ ਗੁਰਮੀਤ ਸਿੰਘ ਚੰਡੀਗੜ੍ਹ, ਜਗਪਾਲ ਸਿੰਘ, ਬਚਿੱਤਰ ਸਿੰਘ ਧੋਥੜ, ਗੁਰਦੀਪ ਸਿੰਘ ਅਤੇ ਮਨਦੀਪ ਸਿੰਘ ਸਮੇਤ 200 ਡੈਲੀਗੇਟਾਂ ਨੇ ਹਿੱਸਾ ਲਿਆ |

Related Articles

LEAVE A REPLY

Please enter your comment!
Please enter your name here

Latest Articles