ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)-ਮਿ੍ਤਕ ਔਰਤ ਦੇ ਭੋਗ ਸਮਾਰੋਹ ਮਗਰੋਂ ਉਸ ਦੇ ਬੱਚਿਆਂ ਨੂੰ ਲੈ ਕੇ ਸਹੁਰਾ ਤੇ ਪੇਕਾ ਪਰਵਾਰ ਦਰਮਿਆਨ ਸਥਿਤੀ ਤਣਾਅਪੂਰਨ ਬਣ ਗਈ | ਗੱਲ ਹੱਥੋਪਾਈ ਤੱਕ ਪਹੁੰਚਣ ਉਪਰੰਤ ਦਿੱਲੀ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਨਜ਼ਦੀਕ ਹਾਈ ਵੋਲਟੇਜ ਡਰਾਮਾ ਹੋਇਆ | ਸਹੁਰਾ ਪਰਵਾਰ ਦੀਆਂ ਔਰਤਾਂ ਵੱਲੋਂ ਇਕ ਵਿਅਕਤੀ ਦੀ ਜੰਮ ਕੇ ਕੁੱਟਮਾਰ ਕੀਤੀ ਗਈ | ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ਉੱਤੇ ਪਹੁੰਚੀ ਪੁਲਸ ਪਾਰਟੀ ਦੋਵਾਂ ਧਿਰਾਂ ਨੂੰ ਸਿਟੀ ਪੁਲਸ ਚੌਕੀ ਲੈ ਗਈ | ਜ਼ਖਮੀ ਹੋਏ ਮਿ੍ਤਕ ਔਰਤ ਦੇ ਸਹੁਰੇ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਪਟਿਆਲਾ ਰੋਡ ਉਤੇ ਸਥਿਤ ਘੁਮਿਆਰ ਬਸਤੀ ਵਿੱਚ ਕੁਝ ਦਿਨ ਪਹਿਲਾਂ ਔਰਤ ਦੀ ਮੌਤ ਹੋ ਗਈ ਸੀ, ਜਿਸ ਦਾ ਭੋਗ ਸਮਾਗਮ ਵਿਸ਼ਵਕਰਮਾ ਮੰਦਰ ਵਿਚ ਹੋਣ ਮਗਰੋਂ ਪੇਕਾ ਅਤੇ ਸਹੁਰਾ ਪਰਵਾਰ ਵਿੱਚ ਮਿ੍ਤਕ ਔਰਤ ਦੀਆਂ ਦੋ ਬੱਚੀਆਂ ਨੂੰ ਲੈ ਕੇ ਤਕਰਾਰ ਹੋ ਗਿਆ | ਔਰਤ ਦੇ ਸਹੁਰੇ ਜੈ ਨਰਾਇਣ ਦੇ ਸਿਰ ਵਿਚ ਸੱਟ ਲੱਗ ਗਈ | ਇਸ ਮਗਰੋਂ ਪੇਕਾ ਪਰਵਾਰ ਨਾਲ ਸੰਬੰਧਤ ਵਿਅਕਤੀ ਚਲੇ ਗਏ, ਪਰ ਸਹੁਰਾ ਪਰਵਾਰ ਨਾਲ ਸੰਬੰਧਤ ਕੁਝ ਔਰਤਾਂ ਤੇ ਮਰਦਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਘੇਰ ਲਿਆ | ਉਹਨਾਂ ਵਿਚੋਂ ਇੱਕ ਔਰਤ ਨੇ ਝਗੜੇ ਦੌਰਾਨ ਉਸ ਦੀ ਚੈਨੀ ਖੋਹਣ ਦੇ ਦੋਸ਼ ਵੀ ਲਗਾਏ | ਸਿਟੀ ਪੁਲਸ ਚੌਕੀ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ | ਮਿ੍ਤਕ ਔਰਤ ਦੇ ਪਤੀ ਦੀ ਕਰੀਬ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ |