ਧੂਰੀ (ਰਾਜੇਸ਼ਵਰ ਪਿੰਟੂ, ਅਮਨ ਗਰਗ) ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਹਲਕਾ ਧੂਰੀ ਦੇ ਪਿੰਡ ਮੀਮਸਾ, ਕਾਤਰੋਂ, ਬਾਲੀਆ ਵਿਖੇ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਪਾਸੋਂ ਟੈਕਸ ਰੂਪ ਵਿੱਚ ਆਇਆ ਪੈਸਾ ਅਨੁਸ਼ਾਸਨ ਤਰੀਕੇ ਨਾਲ ਖਰਚ ਕੇ ਲੋਕਾਂ ਨੂੰ ਹੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਜ਼ਰੀਏ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਅਤੇ ਸਰਕਾਰ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੀਆ ਆਸਾਂ ‘ਤੇ ਪੂਰਾ ਉਤਰੇਗੀ | ਇਸ ਮੌਕੇ ਭਗਵੰਤ ਮਾਨ ਨੇ ਹਲਕੇ ਦੇ ਲੋਕਾਂ ਨਾਲ ਮਿਲਣੀ ਕਰਦਿਆਂ ਮੁਸ਼ਕਲਾਂ ਵੀ ਸੁਣੀਆਂ |
ਭਗਵੰਤ ਮਾਨ ਨੇ ਆਪ ਸਰਕਾਰ ਨੂੰ ਲੋਕਾਂ ਦੀ ਸਰਕਾਰ ਦੱਸਦਿਆਂ ਪਿਛਲੀ ਸਰਕਾਰ ‘ਤੇ ਕਟਾਖਸ਼ ਕਰਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਕੰਧਾਂ ਤੇ ਦਰਵਾਜ਼ੇ ਉੱਚੇ ਸਨ ਅਤੇ ਲੋਕਾਂ ਨੂੰ ਸ਼ਾਸਕਾਂ ਕੋਲ ਜਾਣਾ ਔਖਾ ਸੀ, ਪਰ ਸਾਡੀ ਸਰਕਾਰ ਸਹੀ ਮਾਇਨਿਆਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਲੋਕਾਂ ਦੀ ਸਰਕਾਰ ਹੋਣ ਦਾ ਸਬੂਤ ਦੇ ਰਹੀ ਹੈ | ਉਨ੍ਹਾ ਕਿਹਾ ਕਿ ਸਰਕਾਰ ਦਾ ਪਹਿਲਾ ਸਾਲ ਸਟੇਅਰਿੰਗ ਫੜਣ ਵਾਲਾ ਸੀ ਅਤੇ ਅਗਲੇ ਸਾਲ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ | ਆਪ ਸਰਕਾਰ ਵੱਲੋਂ ਪਿਛਲੇ ਸਰਕਾਰ ਵੇਲੇ ਭਿ੍ਸ਼ਟਾਚਾਰ ਨੂੰ ਨੰਗਾ ਕਰਨ ਲਈ ਵਿਜੀਲੈਂਸ ਦੀ ਜਾਂਚ ਕਰਵਾਉਣ ਵਿੱਚ ਬਦਲਾਖੋਰੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਜਾਬ ਦਾ ਪੈਸਾ ਖਾਣ ਵਾਲਾ ਭਾਵੇਂ ਸੱਤਾਹੀਣ ਜਾਂ ਸੱਤਾਧਾਰੀ ਹੋਵੇ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾ ਦੇ ਮੁਕਾਬਲੇ ਚੋਣ ਹਾਰੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਵਿਜੀਲੈਂਸ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਗੋਲਡੀ ਵੱਲੋਂ ਇਹ ਕਹਿਣਾ ਕਿ ਉਨ੍ਹਾ ਦਾ ਸਭ ਕੁਝ ਖੁੱਲੀ ਕਿਤਾਬ ਵਾਂਗ ਹੈ, ‘ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਖੁੱਲ੍ਹੀ ਕਿਤਾਬ ਦੇ ਕਿੰਨੇ ਵਰਕੇ ਗਾਇਬ ਹਨ | ਇਸ ਮੌਕੇ ਓ ਐੱਸ ਡੀ ਉਂਕਾਰ ਸਿੰਘ ਸਿੱਧੂ, ਰਾਜਬੀਰ ਸਿੰਘ ਘੁੰਮਣ, ਸੁਖਵੀਰ ਸਿੰਘ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਮਾਰਕਿਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਡਾ. ਅਨਵਰ ਭਸੌੜ, ਸਤਿੰਦਰ ਸਿੰਘ ਚੱਠਾ, ਅਮਰਦੀਪ ਸਿੰਘ ਧਾਂਦਰਾ, ਜੱਸੀ ਸੇਖੋ, ਪੁੰਨੂ ਕਾਤਰੋਂ ਤੇ ਅਨਿਲ ਮਿੱਤਲ ਆਦਿ ਹਾਜ਼ਰ ਸਨ |