ਨਵੀਂ ਦਿੱਲੀ : ਜਦਕਿ ਭਾਜਪਾ ਰਾਹੁਲ ਗਾਂਧੀ ਨੂੰ ਭਾਰਤੀ ਜਮਹੂਰੀਅਤ ਬਾਰੇ ਲੰਡਨ ‘ਚ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਲੋਕ ਸਭਾ ਤੋਂ ਮੁਅੱਤਲ ਕਰਾਉਣ ਦੀਆਂ ਸਬੀਲਾਂ ਬਣਾ ਰਹੀ ਹੈ, ਕਾਂਗਰਸ ਨੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰਾਜ ਸਭਾ ਵਿਚ ਮਰਿਆਦਾ ਤੋੜਨ ਦਾ ਨੋਟਿਸ ਦੇ ਕੇ ਜਵਾਬੀ ਵਾਰ ਕੀਤਾ | ਮਰਿਆਦਾ ਮਤਾ ਰੱਖਣ ਲਈ ਚੇਅਰਪਰਸਨ ਜਗਦੀਪ ਧਨਖੜ ਨੂੰ ਦਿੱਤੇ ਨੋਟਿਸ ਵਿਚ ਕੇ ਸੀ ਵੇਣੂਗੋਪਾਲ ਨੇ ਕਿਹਾ ਹੈ ਕਿ ਮੋਦੀ ਨੇ ਫਰਵਰੀ ਵਿਚ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ‘ਤੇ ਬਹਿਸ ਦਾ ਜਵਾਬ ਦਿੰਦਿਆਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਬੇਇੱਜ਼ਤੀ ਕੀਤੀ ਸੀ | ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਰਵਾਰ ਨਹਿਰੂ ਸਰਨੇਮ ਕਿਉਂ ਨਹੀਂ ਵਰਤਦਾ | ਵੇਣੂਗੋਪਾਲ ਨੇ ਕਿਹਾ ਕਿ ਇਹ ਨਾ ਸਿਰਫ ਸੋਨੀਆ ਗਾਂਧੀ ਤੇ ਰਾਹੁਲ ਦੀ ਬੇਇੱਜ਼ਤੀ ਸੀ, ਸਗੋਂ ਸਦਨ ਦਾ ਵੀ ਅਪਮਾਨ ਸੀ |
ਮੋਦੀ ਨੇ 9 ਫਰਵਰੀ ਨੂੰ ਕੀਤੀ ਤਕਰੀਰ ‘ਚ ਕਿਹਾ ਸੀ—ਮੈਂ ਹੈਰਾਨ ਹਾਂ ਕਿ ਅਸੀਂ ਕਦੇ ਨਹਿਰੂ ਜੀ ਦਾ ਨਾਂਅ ਲੈਣਾ ਭੁੱਲ ਜਾਂਦੇ ਹੋਈਏ ਅਤੇ ਫਿਰ ਖੁਦ ਨੂੰ ਦਰੁੱਸਤ ਕਰਦਿਆਂ ਲੈਂਦੇ ਵੀ ਹਾਂ, ਕਿਉਂਕਿ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਇਨ੍ਹਾਂ ਵਿੱਚੋਂ ਕੋਈ ਆਪਣੇ ਨਾਂਅ ਨਾਲ ਨਹਿਰੂ ਸਰਨੇਮ ਕਿਉਂ ਨਹੀਂ ਲਾਉਂਦਾ? ਨਹਿਰੂ ਸਰਨੇਮ ਵਰਤਣ ਵਿਚ ਕਾਹਦੀ ਸ਼ਰਮ ਹੈ? ਅਜਿਹੀ ਮਹਾਨ ਸ਼ਖਸੀਅਤ ਇਸ ਪਰਵਾਰ ਨੂੰ ਪ੍ਰਵਾਨ ਨਹੀਂ | ਵੇਣੂਗੋਪਾਲ ਨੇ ਕਿਹਾ ਹੈ ਕਿ ਭਾਰਤ ਵਿਚ ਧੀ ਪਿਤਾ ਦਾ ਸਰਨੇਮ ਨਹੀਂ ਵਰਤਦੀ | ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਜਾਣਬੁਝ ਕੇ ਜਿੱਚ ਕੀਤਾ | ਉਨ੍ਹਾ ਦੀ ਸੁਰ ਬੇਹੁਰਮਤੀ ਕਰਨ ਵਾਲੀ ਸੀ | ਮੋਦੀ ਦੀ ਇਸ ਟਿੱਪਣੀ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ਉਨ੍ਹਾ ਸਰਨੇਮ ਦਾ ਜ਼ਿਕਰ ਕਰਕੇ ਉਨ੍ਹਾ ਦੀ ਸਿੱਧੀ ਬੇਇੱਜ਼ਤੀ ਕੀਤੀ | ਉਨ੍ਹਾ ਮੋਦੀ ਦੀ ਟਿੱਪਣੀ ਨੂੰ ਕਾਰਵਾਈ ਵਿੱਚੋਂ ਹਟਾਉਣ ਦੀ ਮੰਗ ਕੀਤੀ ਸੀ | ਉਨ੍ਹਾ ਕਿਹਾ ਸੀ ਕਿ ਅਡਾਨੀ ਮਾਮਲੇ ‘ਚ ਉਨ੍ਹਾ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਸਪੀਕਰ ਨੇ ਕਾਰਵਾਈ ਵਿੱਚੋਂ ਕੱਢ ਦਿੱਤਾ, ਪਰ ਮੋਦੀ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਨਹੀਂ ਕੱਢਿਆ |