32.1 C
Jalandhar
Friday, March 29, 2024
spot_img

ਫੋਕੇ ਦਾਅਵੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਮਾਰਚ ਨੂੰ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿਚ ਦਾਅਵਾ ਕੀਤਾ ਕਿ ਉਨ੍ਹਾ ਦੀ ਸਰਕਾਰ ਦੌਰਾਨ ਏਮਜ਼ ਵਰਗੇ ਅਦਾਰਿਆਂ ਦੀ ਗਿਣਤੀ ਪਹਿਲਾਂ ਨਾਲੋਂ ਤਿੰਨ ਗੁਣਾ ਵਧੀ ਹੈ | ਅਗਲੇ ਦਿਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਵਿਚ ‘ਮੋਦੀ ਕਾ ਜ਼ਮਾਨਾ’ ਲਿਖਦਿਆਂ ਕਿਹਾ ਕਿ ਦੇਸ਼ ‘ਚ ਏਮਜ਼ ਦੀ ਗਿਣਤੀ 7 ਤੋਂ ਵਧ ਕੇ 22 ਹੋ ਗਈ ਹੈ | ਮੋਦੀ ਦੀ ਪ੍ਰਸੰਸਾ ਵਾਲਾ ਇਹ ਟਵੀਟ ਕਰਨ ਵਾਲੇ ਸਿਹਤ ਮੰਤਰੀ ਨੇ 3 ਫਰਵਰੀ ਨੂੰ ਲੋਕ ਸਭਾ ‘ਚ ਇਕ ਸਵਾਲ ਦਾ ਜੋ ਜਵਾਬ ਦਿੱਤਾ, ਉਸ ਤੋਂ ਸਾਫ ਹੁੰਦਾ ਹੈ ਕਿ ਮੋਦੀ ਦਾ ਦਾਅਵਾ ਫੋਕਾ ਹੈ | ਸਿਹਤ ਮੰਤਰੀ ਨੇ ਦੱਸਿਆ ਕਿ 16 ਏਮਜ਼ ਵਰਗੇ ਅਦਾਰੇ ਕੰਮ ਕਰਨ ਦੇ ਵੱਖ-ਵੱਖ ਪੜਾਵਾਂ ‘ਚ ਹਨ ਤੇ ਕੇਵਲ ਸੀਮਤ ਆਊਟ ਪੇਸ਼ੈਂਟ ਡਿਪਾਰਟਮੈਂਟ (ਓ ਪੀ ਡੀ) ਅਤੇ ਇਨ ਪੇਸ਼ੈਂਟ ਡਿਪਾਰਟਮੈਂਟ (ਆਈ ਪੀ ਡੀ) ਸੇਵਾਵਾਂ ਹੀ ਦੇ ਰਹੇ ਹਨ | ਇਨ੍ਹਾਂ 16 ਏਮਜ਼ ਵਰਗੇ ਅਦਾਰਿਆਂ ਵਿੱਚੋਂ ਕੁਝ ਦਾ ਐਲਾਨ 2014 ਵਿਚ ਕੀਤਾ ਗਿਆ ਸੀ | ਮਿਸਾਲ ਦੇ ਤੌਰ ‘ਤੇ ਏਮਜ਼ ਗੋਰਖਪੁਰ, ਏਮਜ਼ ਮੰਗਲਾਗਿਰੀ (ਆਂਧਰਾ), ਏਮਜ਼ ਨਾਗਪੁਰ ਤੇ ਏਮਜ਼ ਕਲਿਆਣੀ (ਪੱਛਮੀ ਬੰਗਾਲ) | ਇਹ ਸਾਰੇ ਸਿਰਫ ਸੀਮਤ ਓ ਪੀ ਡੀ ਤੇ ਆਈ ਪੀ ਡੀ ਸੇਵਾਵਾਂ ਹੀ ਦੇ ਰਹੇ ਹਨ ਅਤੇ ਪੂਰੀ ਤਰ੍ਹਾਂ ਕੰਮ ਕਰਨ ਵਾਲਿਆਂ ਦੀ ਲਿਸਟ ‘ਚ ਨਹੀਂ ਹਨ | ਵਾਜਪਾਈ ਹਕੂਮਤ ਦੌਰਾਨ ਸਥਾਪਤ ਹੋਏ ਸਿਰਫ ਛੇ ਏਮਜ਼—ਭੋਪਾਲ, ਪਟਨਾ, ਰਾਇਪੁਰ, ਰਿਸ਼ੀਕੇਸ਼, ਭੁਬਨੇਸ਼ਵਰ ਤੇ ਜੋਧਪੁਰ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ |
ਸਰਕਾਰ ਨੇ ਇਹ ਪ੍ਰੀਭਾਸ਼ਤ ਨਹੀਂ ਕੀਤਾ ਕਿ ਸੀਮਤ ਓ ਪੀ ਡੀ ਤੇ ਆਈ ਪੀ ਡੀ ਸੇਵਾਵਾਂ ਦਾ ਕੀ ਮਤਲਬ ਹੈ, ਪਰ ਪਬਲਿਕ ਹੈੱਲਥ ਫਾਊਾਡੇਸ਼ਨ ਆਫ ਇੰਡੀਆ ਦੇ ਆਨਰੇਰੀ ਪ੍ਰੋਫੈਸਰ ਕੇ ਸ੍ਰੀਨਾਥ ਰੈੱਡੀ ਦਾ ਕਹਿਣਾ ਹੈ ਕਿ ਸੀਮਤ ਓ ਪੀ ਡੀ ਵਿਚ ਬਹੁਤ ਘੱਟ ਬੁਨਿਆਦੀ ਸੇਵਾਵਾਂ ਹੋ ਸਕਦੀਆਂ ਹਨ, ਜਿਸ ਤਰ੍ਹਾਂ ਦੀਆਂ ਜ਼ਿਲ੍ਹਾ ਪੱਧਰੀ ਹਸਪਤਾਲਾਂ ‘ਚ ਹੁੰਦੀਆਂ ਹਨ | ਸਰਕਾਰ ਨੂੰ ਇਨ੍ਹਾਂ ਹਸਪਤਾਲਾਂ ‘ਚ ਦੇਖੇ ਗਏ ਮਰੀਜ਼ਾਂ ਦੀ ਗਿਣਤੀ ਦੱਸਣੀ ਚਾਹੀਦੀ ਹੈ, ਤਾਂ ਕਿ ਸਪੱਸ਼ਟ ਹੋ ਸਕੇ ਕਿ ਅਸਲ ਸਥਿਤੀ ਕੀ ਹੈ |
2017 ‘ਚ ਮੋਦੀ ਨੇ ਏਮਜ਼ ਗੁਹਾਟੀ ਦਾ ਨੀਂਹ ਪੱਥਰ ਰੱਖਿਆ ਸੀ, ਪਰ ਇਸ ਦੀ ਵੈੱਬਸਾਈਟ ਦੱਸਦੀ ਹੈ ਕਿ ਉਥੇ ਕਿਸੇ ਵੀ ਤਰ੍ਹਾਂ ਦੀ ਓ ਪੀ ਡੀ ਜਾਂ ਆਈ ਪੀ ਡੀ ਸੇਵਾ ਨਹੀਂ ਦਿੱਤੀ ਜਾ ਰਹੀ | ਕੇਂਦਰੀ ਸਿਹਤ ਤੇ ਪਰਵਾਰ ਭਲਾਈ ਮੰਤਰਾਲੇ ਦੇ ਨੈਸ਼ਨਲ ਹੈੱਲਥ ਰਿਸੋਰਸ ਸੈਂਟਰ ਦੇ ਸਾਬਕਾ ਮੁਖੀ ਟੀ ਸੁੰਦਰਰਮਨ ਦਾ ਕਹਿਣਾ ਹੈ—ਏਮਜ਼ ਵਰਗੇ ਅਦਾਰੇ ਸਿਰਫ ਇੱਟਾਂ-ਪੱਥਰਾਂ ਨਾਲ ਨਹੀਂ ਬਣਦੇ | ਇਨ੍ਹਾਂ ਲਈ ਮਨੁੱਖੀ ਵਸੀਲਿਆਂ (ਫੈਕਲਟੀ, ਰੈਜ਼ੀਡੈਂਟ ਡਾਕਟਰ ਤੇ ਨਰਸਾਂ) ਵੀ ਹੋਣੀਆਂ ਚਾਹੀਦੀਆਂ ਹਨ | ਰੈੱਡੀ ਤੇ ਸੁੰਦਰਰਮਨ ਦੋਹਾਂ ਦਾ ਕਹਿਣਾ ਹੈ ਕਿ ਫੈਕਲਟੀ ਮੈਂਬਰਾਂ ਦੀ ਕਮੀ ਕਾਰਨ ਇਹ ਅਦਾਰੇ ਚੰਗੀ ਤਰ੍ਹਾਂ ਨਹੀਂ ਚੱਲ ਪਾ ਰਹੇ | ਕੇਂਦਰੀ ਸਿਹਤ ਤੇ ਪਰਵਾਰ ਭਲਾਈ ਦੀ ਰਾਜ ਮੰਤਰੀ ਭਾਰਤੀ ਪ੍ਰਵੀਣ ਨੇ 20 ਦਸੰਬਰ 2022 ਵਿਚ ਇਕ ਸਵਾਲ ਦੇ ਜਵਾਬ ‘ਚ ਮੰਨਿਆ ਸੀ ਕਿ ਇਨ੍ਹਾਂ 16 ਅਦਾਰਿਆਂ ਵਿਚ ਕਈ ਥਾਂ ਪ੍ਰਵਾਨਤ ਗਿਣਤੀ ਤੋਂ ਅੱਧੇ ਜਾਂ ਉਸ ਤੋਂ ਵੀ ਵੱਧ ਫੈਕਲਟੀ ਮੈਂਬਰਾਂ ਦੀ ਘਾਟ ਹੈ | ਏਮਜ਼ ਰਾਜਕੋਟ ‘ਚ 183 ਦੀ ਥਾਂ ਸਿਰਫ 40 ਫੈਕਟਰੀ ਮੈਂਬਰ ਸਨ | ਵਾਜਪਾਈ ਦੇ ਦੌਰ ‘ਚ ਬਣੇ ਏਮਜ਼ ਪਟਨਾ ‘ਚ ਵੀ 305 ਦੀ ਥਾਂ 162 ਫੈਕਲਟੀ ਮੈਂਬਰ ਸਨ | ਭਾਸ਼ਣਬਾਜ਼ੀ ‘ਚ ਮੋਦੀ ਲੋਕਾਂ ਨੂੰ ਕਾਫੀ ਸਬਜ਼ਬਾਗ ਦਿਖਾਉਂਦੇ ਹਨ, ਪਰ ਸੰਸਦ ਵਿਚ ਮੰਤਰੀਆਂ ਵੱਲੋਂ ਦਿੱਤੇ ਜਾਂਦੇ ਜਵਾਬਾਂ ਤੋਂ ਸਾਫ ਹੋ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦੇ ਦਾਅਵਿਆਂ ਦੀ ਹਕੀਕਤ ਕੀ ਹੁੰਦੀ ਹੈ |

Related Articles

LEAVE A REPLY

Please enter your comment!
Please enter your name here

Latest Articles