ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ

0
301

ਸ਼ਾਹਕੋਟ (ਗਿਆਨ ਸੈਦਪੁਰੀ)
ਅੱਠ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਨਾਲ ਦਲਿਤ ਤੇ ਮਜ਼ਦੂਰਾਂ ਦੇ ਭਖਦੇ ਮਸਲਿਆਂ ‘ਤੇ ਤੈਅ ਗੱਲਬਾਤ ਤੋਂ 6 ਵਾਰ ਮੁਕਰਨ, ਮੰਗਾਂ ‘ਤੇ ਕੰਨ ਨਾ ਧਰਨ ਅਤੇ ਮਜ਼ਦੂਰ ਤੇ ਦਲਿਤ ਵਰਗ ਨੂੰ ਪੂਰੀ ਤਰਾਂ ਅਣਗੌਲਿਆ ਕਰਨ ਦੇ ਮਾਨ ਸਰਕਾਰ ਦੇ ਜ਼ਿੱਦੀ ਵਤੀਰੇ ਉਪਰੰਤ ਆਖਰ ਮਜ਼ਦੂਰਾਂ ਦੇ ਸਬਰ ਦਾ ਪਿਆਲਾ ਛਲਕ ਪਿਆ | ਅਜਿਹੀ ਮਨੋ ਅਵਸਥਾ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਗੁਰਦਵਾਰਾ ਅੰਬ ਸਾਹਿਬ ਦੇ ਨੇੜਲੇ ਮੈਦਾਨ ਵਿੱਚ ਇਕੱਠੇ ਮਜ਼ਦੂਰਾਂ ਨੂੰ ਆਗੂਆਂ ਨੇ ਮਾਨ ਸਰਕਾਰ ਦੇ ਮਜ਼ਦੂਰ ਵਿਰੋਧੀ ਵਤੀਰੇ ਦੀ ਜਾਣਕਾਰੀ ਦੇਣ ਅਤੇ ਉਨ੍ਹਾਂ ਅੰਦਰ ਆਪਣੀ ਜਮਾਤ ਦੀ ਬੰਦ-ਖਲਾਸੀ ਲਈ ਅੰਗੜਾਈਆਂ ਲੈ ਰਹੇ ਜਜ਼ਬਿਆਂ ਨੂੰ ਜੁੰਬਸ਼ ਦੇ ਕੇ ਵਿਧਾਨ ਸਭਾ ਵੱਲ ਮਾਰਚ ਦਾ ਨਿਰਦੇਸ਼ ਦਿੱਤਾ | ਮਜ਼ਦੂਰ ਆਗੂਆਂ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਆਕਾਸ਼ ਗੂੰਜਾਊ ਨਾਹਰੇ ਮਾਰਦੇ ਵਿਧਾਨ ਸਭਾ ਵੱਲ ਵਧਣ ਲੱਗੇ | ਉਨ੍ਹਾਂ ਅੰਦਰਲਾ ਜੋਸ਼ ਤੇ ਵਿਦਰੋਹ ‘ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋੋ’ ਦੇ ਜਜ਼ਬੇ ਦੀ ਤਰਜ਼ਮਾਨੀ ਕਰਦਾ ਨਜ਼ਰ ਆਇਆ |
ਇਸ ਤੋਂ ਪਹਿਲਾਂ ਉੱਚ ਪੁਲਸ ਅਧਿਕਾਰੀਆਂ ਨੇ ਮਜ਼ਦੂਰ ਆਗੂਆਂ ਨਾਲ ਰੈਲੀ ਵਾਲੀ ਥਾਂ ‘ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਸਲਾਹ-ਮਸ਼ਵਰਾ ਕੀਤਾ, ਪਰ ਮਜ਼ਦੂਰ ਆਗੂ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਫੈਸਲੇ ‘ਤੇ ਡਟ ਰਹੇ | ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਨਾਮ ਦਾਊਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਲੌਗੋਂਵਾਲ, ਮਜ਼ਦੂਰ ਮੁਕਤੀ ਮੋਰਚੇ ਦੇ ਆਗੂ ਭਗਵੰਤ ਸਮਾਓਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੂਬਾ ਸਰਕਾਰ ਦੀਆਂ ਗਰੀਬ ਤੇ ਦਲਿਤ ਵਿਰੋਧੀ ਕਰਵਾਈਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ | ਆਗੂਆਂ ਨੇ ਮੁੱਖ ਮੰਤਰੀ ਨੂੰ ਵਾਅਦਿਆਂ ਤੋਂ ਮੁਕਰਨ ਵਲ ਦੱਸਦਿਆਂ ਕਿਹਾ ਕਿ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ 6 ਵਾਰ ਸਮਾਂ ਤੈਅ ਕੀਤਾ ਗਿਆ, ਪਰ ਹਰ ਵਾਰ ਮਿਲਣੀ ਮੁਲਤਵੀ ਹੁੰਦੀ ਰਹੀ | ਇਹ ਸਮੁੱਚੇ ਗਰੀਬ ਵਰਗ ਦੀ ਤੌਹੀਨ ਹੈ | ਤੇਜ਼ੀ ਨਾਲ ਅੱਗੇ ਵਧ ਰਹੇ ਮਜ਼ਦੂਰਾਂ ਦੇ ਮਾਰਚ ਨੂੰ ਸਿੱਖਿਆ ਬੋਰਡ ਦੇ ਦਫਤਰ ਕੋਲ ਬੈਰੀਕੇਡ ਲਾ ਕੇ ਪੁਲਸ ਨੇ ਰੋਕ ਲਿਆ | ਬੈਰੀਕੇਡ ਧੱਕ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਮਜ਼ਦੂਰਾਂ ‘ਤੇ ਪੁਲਸ ਨੇ ਲਾਠੀਚਾਰਜ ਕੀਤਾ | ਅੱਗੋਂ ਮਜ਼ਦੂਰਾਂ ਨੇ ਵੀ ਝੰਡਿਆਂ ਵਾਲੇ ਡੰਡਿਆਂ ਨਾਲ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਕਈ ਮਜ਼ਦੂਰ ਆਗੂ ਤੇ ਮਜ਼ਦੂਰ ਜਖਮੀ ਹੋ ਗਏ | ਜ਼ਖਮੀ ਹੋਣ ਵਾਲਿਆਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੀ ਸਰਬਜੀਤ ਕੌਰ, ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਧਰਮਵੀਰ ਹਰੀਗੜ੍ਹ, ਕਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਬਿੱਕਰ ਮਰ੍ਹਾਜ ਆਦਿ ਸ਼ਾਮਲ ਹਨ | ਮਾਹੌਲ ਵਿੱਚ ਕਸ਼ੀਦਗੀ ਵਧਦੀ ਵੇਖ ਕੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਗਈ | ਉਹ ਗੱਲਬਾਤ ਰਾਹੀ ਮਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੇ | ਦੂਸਰੇ ਪਾਸਿਓਾ ਮਜ਼ਦੂਰ ਆਗੂ ਕਿ੍ਸ਼ਨ ਚੌਹਾਨ, ਭਗਵੰਤ ਸਮਾਓਾ, ਗੁਰਨਾਮ ਦਾਊਦ ਤੇ ਦਰਸ਼ਨ ਨਾਹਰ ਆਦਿ ਆਗੂਆਂ ਨੇ ਮਜ਼ਦੂਰਾਂ ਨੂੰ ਥੋੜ੍ਹਾ ਇੰਤਜ਼ਾਰ ਕਰਨ ਲਈ ਸ਼ਾਂਤ ਹੋ ਜਾਣ ਦੀ ਅਪੀਲ ਕੀਤੀ | ਆਖਰ ਮੁੱਖ ਮੰਤਰੀ ਦੇ ਓ ਐੱਸ ਡੀ ਨੇ ਗੱਲਬਾਤ ਲਈ 29 ਮਾਰਚ ਨਿਸਚਿਤ ਕਰਨ ਦੀ ਮਜ਼ਦੂਰ ਆਗੂਆਂ ਨੂੰ ਚਿੱਠੀ ਸੌਂਪੀ ਅਤੇ ਯਕੀਨ ਦਿਵਾਇਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਜ਼ਰੂਰ ਕਰਵਾਈ ਜਾਵੇਗੀ |

LEAVE A REPLY

Please enter your comment!
Please enter your name here