ਇਸਲਾਮਾਬਾਦ : ਤੋਸ਼ਾਖਾਨਾ ਮਾਮਲੇ ‘ਚ ਦੋਸ਼ੀ ਇਮਰਾਨ ਖਾਨ ‘ਤੇ ਸੰਕਟ ਦੇ ਬੱਦਲ ਹੁਣ ਵੀ ਛਾਏ ਹੋਏ ਹਨ | ਉਹ ਸ਼ਨੀਵਾਰ ਇਸਲਾਮਾਬਾਦ ਕੋਰਟ ‘ਚ ਪੇਸ਼ ਹੋਣ ਲਈ ਜਾ ਰਹੇ ਸਨ, ਪਰ ਉਨ੍ਹਾ ਦੇ ਕਾਫ਼ਲੇ ਨੂੰ ਕੋਰਟ ਜਾਣ ਤੋਂ ਪਹਿਲਾਂ ਇਸਲਾਮਾਬਾਦ ਟੋਲ ਪਲਾਜ਼ਾ ‘ਤੇ ਹੀ ਰੋਕ ਦਿੱਤਾ ਗਿਆ | ਉਥੋਂ ਜਦ ਇਮਰਾਨ ਖਾਨ ਇਸਲਾਬਾਮਾਦ ਲਈ ਨਿਕਲ ਗਏ ਤਾਂ ਉਨ੍ਹਾ ਦੇ ਲਾਹੌਰ ਸਥਿਤ ਘਰ ‘ਤੇ ਪੁਲਸ ਪਹੁੰਚ ਗਈ | ਪੁਲਸ ਬੁਲਡੋਜ਼ਰ ਨਾਲ ਗੇਟ ਤੋੜ ਕੇ ਇਮਰਾਨ ਦੇ ਘਰ ‘ਚ ਦਾਖ਼ਲ ਹੋਈ | ਇਸ ਦੌਰਾਨ ਪੁਲਸ ਅਤੇ ਪੀ ਟੀ ਆਈ ਵਰਕਰਾਂ ਵਿਚਾਲੇ ਝੜਪ ਵੀ ਹੋਈ | ਪੁਲਸ ਨੇ ਹਿੰਸਾ ਫੈਲਾਉਣ ਅਤੇ ਕਾਨੂੰਨੀ ਕਾਰਵਾਈ ‘ਚ ਦਖ਼ਲ ਦੇਣ ਦੇ ਦੋਸ਼ ‘ਚ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ 40 ਵਰਕਰਾਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਨ੍ਹਾ ‘ਤੇ ਲਾਠੀਚਾਰਜ ਵੀ ਕੀਤਾ ਗਿਆ | ਇਸਲਾਮਾਬਾਦ ਜਾਂਦੇ ਸਮੇਂ ਇਮਰਾਨ ਖਾਨ ਨੇ ਇੱਕ ਵੀਡੀਓ ਵੀ ਜਾਰੀ ਕੀਤਾ | ਇਸ ਵੀਡੀਓ ‘ਚ ਇਮਰਾਨ ਕਹਿ ਰਹੇ ਹਨ ਕਿ ਮੇਰੇ ਇਸਲਾਮਾਬਾਦ ਪਹੁੰਚਣ ਤੱਕ ਉਹ ਮੈਨੂੰ ਗਿ੍ਫ਼ਤਾਰ ਕਰ ਲੈਣ ਲੈਣਗੇ | ਇਮਰਾਨ ਨੇ ਕਿਹਾ ਕਿ ਮੇਰੀ ਗਿ੍ਫਤਾਰੀ ਲੰਡਨ ਪਲਾਨ ਦਾ ਹਿੱਸਾ ਹੈ | ਮੇਰੀ ਗਿ੍ਫ਼ਤਾਰੀ ਨਵਾਜ਼ ਸ਼ਰੀਫ ਦੇ ਕਹਿਣ ‘ਤੇ ਹੋ ਰਹੀ ਹੈ | ਇਮਰਾਨ ਨੇ ਕਿਹਾ ਕਿ ਜੇ ਉਸ ਨੂੰ ਗਿ੍ਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਨੇ ਪੀ ਟੀ ਆਈ ਨੂੰ ਸੰਭਾਲਣ ਲਈ ਇੱਕ ਕਮੇਟੀ ਬਣਾ ਦਿੱਤੀ ਹੈ | ਉਧਰ ਇਸਲਾਮਾਬਾਦ ਜਾਣ ਦੇ ਰਸਤੇ ‘ਚ ਇਮਰਾਨ ਦੇ ਕਾਫ਼ਲੇ ਦੀਆਂ 3 ਗੱਡੀਆਂ ਕੱਲਰ ਕਹਾਰ ਕੋਲ ਆਪਸ ‘ਚ ਟਕਰਾਅ ਗਈਆਂ | ਦੱਸਿਆ ਜਾ ਰਿਹਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ | ਇਸ ਤੋਂ ਪਹਿਲਾ ਸ਼ੁੱਕਰਵਾਰ ਇਮਰਾਨ ਖਾਨ ਲਾਹੌਰ ਹਾਈ ਕੋਰਟ ‘ਚ ਪਹੁੰਚੇ ਸਨ | ਇੱਥੇ ਕੋਰਟ ਨੇ ਉਨ੍ਹਾ ਨੂੰ 9 ਕੇਸਾਂ ‘ਚ ਪ੍ਰੋਟੈਕਟਿਵ ਜ਼ਮਾਨਤ ਦੇ ਦਿੱਤੀ ਸੀ | ਇਸਲਾਮਾਬਾਦ ‘ਚ ਚੱਲ ਰਹੇ 6 ਕੇਸਾਂ ਲਈ ਕੋਰਟ ਨੇ ਖਾਨ ਨੂੰ 24 ਮਾਰਚ ਤੱਕ ਜ਼ਮਾਨਤ ਦਿੱਤੀ ਹੈ | ਉਥੇ ਹੀ ਲਾਹੌਰ ‘ਚ ਚੱਲ ਰਹੇ 3 ਕੇਸਾਂ ਲਈ ਉਨ੍ਹਾ ਨੂੰ 27 ਮਾਰਚ ਤੱਕ ਜ਼ਮਾਨਤ ਦਿੱਤੀ ਗਈ ਹੈ | 14-15 ਮਾਰਚ ਨੂੰ ਇਮਰਾਨ ਦੀ ਗਿ੍ਫ਼ਤਾਰੀ ਨੂੰ ਲੈ ਕੇ ਜਮਾਨ ਪਾਰਕ ਦੇ ਬਾਹਰ ਪੀ ਟੀ ਆਈ ਵਰਕਰਾਂ ਅਤੇ ਪੁਲਸ ਵਿਚਾਲੇ ਝੜਪ ਹੋਈ ਸੀ | 14 ਮਾਰਚ ਨੂੰ ਪੁਲਸ ਅਤੇ ਰੇਂਜਰਜ਼ ਦੀ ਟੀਮ ਇਮਰਾਨ ਨੂੰ ਗਿ੍ਫ਼ਤਾਰ ਕਰਨ ਉਨ੍ਹਾ ਦੇ ਘਰ ਪਹੁੰਚੀ ਸੀ | ਇਮਰਾਨ ਨੂੰ ਤੋਸ਼ਖਾਨਾ ਮਾਮਲੇ ‘ਚ ਗਿ੍ਫ਼ਤਾਰ ਕੀਤਾ ਜਾਣਾ ਸੀ, ਪਰ ਉਹਨਾ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਵਰਕਰਾਂ ਨੇ ਪੁਲਸ ‘ਤੇ ਪੱਥਰਬਾਜੀ ਕਰ ਦਿੱਤੀ | ਇਸ ਕਾਰਨ ਪੁਲਸ ਇਮਰਾਨ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ ਸੀ |