ਮਲੋਟ : ਇੱਥੇ ਆਪਣੀ ਕੁੜੀ ਦੇ ਪ੍ਰੇਮ ਵਿਆਹ ਤੋਂ ਖਫਾ ਪਰਵਾਰ ਨੇ ਉਸੇ ਮੁਹੱਲੇ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਉਸ ਦੇ ਪਿਤਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ | ਜ਼ੇਰੇ ਇਲਾਜ ਤਿਲਕ ਰਾਜ ਉਰਫ ਕਾਲੀ ਮਿਸਤਰੀ ਨੇ ਦੱਸਿਆ ਕਿ ਉਹ ਘਰ ਦੀ ਮੁਰੰਮਤ ਕਰਾ ਰਿਹਾ ਸੀ, ਜਦ ਕਿ ਉਸ ਦੇ ਪੁੱਤਰ-ਨੂੰਹ ਕਿਤੇ ਹੋਰ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ | ਇਸ ਮੌਕੇ ਉਸ ਦਾ ਪੋਤਰਾ-ਪੋਤਰੀ ਕੋਲ ਖੇਡ ਰਹੇ ਸਨ | ਉਸ ਨੇ ਆਪਣੇ ਪੁੱਤਰ ਰਾਹੁਲ ਨੂੰ ਫੋਨ ਕਰਕੇ ਕਿਹਾ ਕਿ ਬੱਚਿਆਂ ਨੂੰ ਘਰ ਲੈ ਜਾਓ | ਦੋਵੇਂ ਬੱਚੇ ਰਾਹੁਲ ਦੇ ਪਹਿਲੇ ਵਿਆਹ ਤੋਂ ਹਨ | ਰਾਹੁਲ ਮੋਟਰਸਾਈਕਲ ‘ਤੇ ਜਿਉਂ ਹੀ ਪੁੱਜਾ ਤਾਂ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਕਾਲਾ ਰਾਮ, ਰਾਣੋ, ਉਸ ਦੇ ਪੁੱਤਰ ਕਿ੍ਸ਼ਨ, ਕੋਕਲੀ, ਵਿਨੋਦ, ਉਸ ਦੀ ਪਤਨੀ, ਅਜੀਤ ਦੀ ਪਤਨੀ ਅਤੇ ਕੁੜੀ ਤੋਂ ਇਲਾਵਾ ਉਸ ਦੇ ਦੋ ਪੁੱਤਰਾਂ ਨੇ ਰਾਡਾਂ, ਬੇਸਬਾਲ ਅਤੇ ਘੋਟਣੇ ਨਾਲ ਰਾਹੁਲ ‘ਤੇ ਹਮਲਾ ਕਰ ਦਿੱਤਾ, ਜਦੋਂ ਉਹ ਛੁਡਾਉਣ ਲੱਗਾ ਤਾਂ ਹਮਲਾਵਰਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ | ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ, ਜਿਥੇ ਰਾਹੁਲ ਦੀ ਮੌਤ ਹੋ ਗਈ | ਕਾਲਾ ਰਾਮ ਦੀ ਕੁੜੀ ਸ੍ਰੀ ਗੰਗਾਨਗਰ ਵਿਖੇ ਵਿਆਹੀ ਸੀ | ਮਲੋਟ ਵਿਖੇ ਦੋਵਾਂ ਪਰਵਾਰਾਂ ਦੇ ਘਰ ਆਹਮੋ-ਸਾਹਮਣੇ ਹੋਣ ਕਰਕੇ ਕੁੜੀ ਦੇ ਰਾਹੁਲ ਨਾਲ ਸੰਬੰਧ ਬਣ ਗਏ ਅਤੇ ਉਹ ਪਤੀ ਨੂੰ ਛੱਡ ਕੇ ਰਾਹੁਲ ਨਾਲ ਵਿਆਹ ਕਰਵਾ ਕੇ ਰਹਿਣ ਲੱਗੀ | ਇਸ ਕਰਕੇ ਕਾਲਾ ਰਾਮ ਦਾ ਪਰਵਾਰ ਖਫਾ ਰਹਿੰਦਾ ਸੀ | ਐੱਸ ਆਈ ਮਲਕੀਤ ਸਿੰਘ ਨੇ ਦੱਸਿਆ ਕਿ 3 ਔਰਤਾਂ ਸਮੇਤ 10 ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ |




