ਪਟਿਆਲਾ : ਇੱਥੇ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇੇਠ ਹੋਈ | ਮੀਟਿੰਗ ਵਿੱਚ ਐਕਸ਼ਨ ਕਮੇਟੀ ਦੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਰਾਕੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਸ਼ਾਮਲ ਸਨ | ਐਕਸ਼ਨ ਕਮੇਟੀ ਵੱਲੋਂ ਵਰਕਰਾਂ ਨੂੰ ਹਰ ਮਹੀਨੇ ਤਨਖਾਹ ਪੈਨਸ਼ਨ ਲੇਟ ਮਿਲਣ ਅਤੇ ਵਰਕਰਾਂ ਦੀਆਂ ਹੋਰ ਕਾਨੂੰਨੀ ਤੌਰ ‘ਤੇ ਹੱਕੀ ਮੰਗਾਂ ਦੀ ਅਣਦੇਖੀ ਅਤੇ ਅਦਾਰੇ ਦੇ ਸਮੁੱਚੇ ਹਾਲਾਤ ਆਦਿ ਸੰਬੰਧੀ ਗੰਭੀਰ ਚਰਚਾ ਕਰਕੇ ਫੈਸਲਾ ਕੀਤਾ ਗਿਆ ਕਿ ਮਿਤੀ 28 ਮਾਰਚ ਨੂੰ ਪਟਿਆਲਾ ਵਿਖੇ ਬੱਸ ਸਟੈਂਡ ‘ਤੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਮੁਜ਼ਾਹਰਾ ਵੀ ਕੀਤਾ ਜਾਵੇਗਾ | ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਅੱਜ ਹੀ ਪੀ.ਆਰ.ਟੀ.ਸੀ. ਦੇ ਨਵ-ਨਿਯੁਕਤ ਚੇਅਰਮੈਨ ਨੂੰ 12 ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਜਨਵਰੀ ਮਹੀਨੇ ਵਿੱਚ 26 ਮੰਗਾਂ ਦਾ ਮੰਗ ਪੱਤਰ ਮੈਨੇਜਿੰਗ ਡਾਇਰੈਕਟਰ ਨੂੰ ਦਿੱਤਾ ਗਿਆ ਸੀ, ਜਿਸ ਨੂੰ ਅਜੇ ਤੱਕ ਵੀ ਐੱਮ.ਡੀ. ਵੱਲੋਂ ਅਣਗੌਲਿਆ ਰੱਖਿਆ ਹੋਇਆ ਹੈ | ਦੂਸਰੇ ਪਾਸੇ ਵਰਕਰਾਂ ਨੂੰ ਤਨਖਾਹਾਂ-ਪੈਨਸ਼ਨ ਲੇਟ ਮਿਲਦੀ ਹੈ ਅਤੇ ਮੈਡੀਕਲ ਬਿੱਲ, ਸੇਵਾ ਮੁਕਤੀ ਬਕਾਏ ਅਤੇ ਹੋਰ ਕਈ ਕਿਸਮ ਦੇ ਵਿੱਤੀ ਬਕਾਏ ਸਾਲਾਂਬੱਧੀ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ | ਜਿੱਥੇ ਤਨਖਾਹ-ਪੈਨਸ਼ਨ ਹਰ ਮਹੀਨੇ ਦੇ ਸ਼ੁਰੂ ਦੀ ਬਜਾਏ ਅਖੀਰ ਵਿੱਚ ਜਾ ਕੇ ਬੜੀ ਮੁਸ਼ਕਲ ਨਾਲ ਦਿੱਤੀ ਜਾਂਦੀ ਹੈ, ਉੱਥੇ ਨਾਲ ਹੀ ਵਰਕਰਾਂ ਦੇ ਲੱਗਭੱਗ 100 ਕਰੋੜ ਰੁਪਏ ਦੇ ਵਿੱਤੀ ਬਕਾਏ ਅਦਾ ਕਰਨ ਤੋਂ ਮੈਨੇਜਮੈਂਟ ਅਤੇ ਸਰਕਾਰ ਪੂਰੀ ਤਰ੍ਹਾਂ ਅੱਖਾਂ ਬੰਦ ਕਰਕੇ ਵਰਕਰਾਂ ਦੇ ਹੱਕਾਂ ਦੀ ਅਣਦੇਖੀ ਕਰਕੇ ਆਪਣੀ ਕਾਨੂੰਨੀ ਅਤੇ ਇਖਲਾਕੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ |
ਹੋਰ ਅਨੇਕਾਂ ਮੰਗਾਂ ਜਿਵੇਂ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ ਲਈ ਕੋਈ ਕਦਮ ਨਾ ਚੁੱਕਣਾ, ਸਰਕਾਰ ਵੱਲੋਂ ਮੁਫਤ ਸਫਰ ਸਹੂਲਤਾਂ ਦਾ 400 ਕਰੋੜ ਰੁਪਿਆ ਨਾ ਦੇਣਾ, ਨਵੀਆਂ ਬੱਸਾਂ ਨਾ ਪਾਉਣਾ, ਵਰਕਰਾਂ ਨਾਲ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀਆਂ ਬੰਦ ਨਾ ਕਰਨਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ ਪੈਨਸ਼ਨ ਦਾ ਹੱਕ ਨਾ ਦੇ ਕੇ ਬੁਢਾਪੇ ਦੀ ਮਾਰ ਝੱਲ ਰਹੇ ਵਰਕਰਾਂ ਪ੍ਰਤੀ ਕਠੋਰ ਰਵੱਈਆ ਧਾਰਨ ਕਰਨਾ ਆਦਿ ਨੂੰ ਲੈ ਕੇ ਰੋਸ ਜ਼ਾਹਰ ਕਰਨ ਲਈ ਵਰਕਰਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ |
ਧਰਨੇ ਵਿੱਚੋਂ ਅਗਲੇ ਐਕਸ਼ਨ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਜਾਵੇਗਾ | ਐਕਸ਼ਨ ਕਮੇਟੀ ਵੱਲੋਂ ਪੀ.ਆਰ.ਟੀ.ਸੀ. ਦੇ ਸਮੁੱਚੇ ਵਰਕਰਾਂ ਨੂੰ ਇਸ ਧਰਨੇ ਵਿੱਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ |




