ਮੂੰਹ ਚਿੜਾਉਂਦੀ ਹਕੀਕਤ

0
238

ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਮੋਦੀ ਸਰਕਾਰ ਵੱਲੋਂ ਅੰਮਿ੍ਤ ਮਹਾਂਉਤਸਵ ਸਾਲ ਮਨਾਇਆ ਜਾ ਰਿਹਾ ਹੈ | ਆਪੇ ਬਣੇ ਵਿਸ਼ਵ ਆਗੂੂ ਵੱਲੋਂ ਭਾਰਤ ਦੇ ਵਿਸ਼ਵ ਗੁਰੂ ਬਣ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ | ਦੇਸ਼ ਵਾਸੀਆਂ ਨੂੰ ਪੰਜ ਖਰਬ ਦੀ ਆਰਥਿਕਤਾ ਦੇ ਸੁਫਨੇ ਦਿਖਾਏ ਜਾ ਰਹੇ ਹਨ | ਇਸ ਦੌਰਾਨ ਇੱਕ ਦਿਲ ਦਹਿਲਾਅ ਦੇਣ ਵਾਲੀ ਖ਼ਬਰ ਨੇ ਦੇਸ਼ ਦੀ ਹਕੀਕਤ ਨੂੰ ਨੰਗਿਆਂ ਕਰਕੇ ਰੱਖ ਦਿੱਤਾ ਹੈ |
ਖ਼ਬਰ ਇਹ ਉਸ ਉਤਰਾਖੰਡ ਦੀ ਹੈ, ਜਿੱਥੇ ਡਬਲ ਇੰਜਣ ਦੀ ਸਰਕਾਰ ਹੈ | 16 ਮਾਰਚ ਨੂੰ ਜੋਸ਼ੀਗਾਂਵ ਦੇ ਇੱਕ ਬੰਦ ਮਕਾਨ ਵਿੱਚੋਂ ਬਦਬੂ ਆਉਣੀ ਸ਼ੁਰੂ ਹੋਈ ਤਾਂ ਲੋਕਾਂ ਨੇ ਪੁਲਸ ਨੂੰ ਇਤਲਾਹ ਦਿੱਤੀ | ਪੁਲਸ ਨੇ ਆ ਕੇ ਜਦੋਂ ਬੂਹਾ ਖੋਲਿ੍ਹਆ ਤਾਂ ਅੰਦਰਲਾ ਮੰਜ਼ਰ ਦਿਲ ਕੰਬਾਉਣ ਵਾਲਾ ਸੀ | ਘਰ ਅੰਦਰ ਚਾਰ ਲਾਸ਼ਾਂ ਪਈਆਂ ਸਨ | ਇਸ ਘਰ ਵਿੱਚ ਭੁਪਾਲ ਰਾਮ ਨਾਂਅ ਦਾ ਵਿਅਕਤੀ ਆਪਣੀ ਪਤਨੀ, ਬੇਟੀ ਤੇ ਦੋ ਬੇਟਿਆਂ ਨਾਲ ਰਹਿੰਦਾ ਸੀ | ਭੁਪਾਲ ਰਾਮ ਕਿਸੇ ਫੌਜੀ ਦੇ ਘਰ ਨੌਕਰ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਉਸ ਦੀ ਨੌਕਰੀ ਚਲੀ ਗਈ ਸੀ | ਘਰ ਦੇ ਗੁਜ਼ਾਰੇ ਲਈ ਕਰਜ਼ਾ ਚੁੱਕ ਲਿਆ, ਜੋ ਮੋੜ ਨਾ ਹੋਇਆ ਤੇ ਆਖਰ ਤੰਗ ਆਇਆ ਘਰੋਂ ਕਿਤੇ ਚਲਾ ਗਿਆ | ਲਾਸ਼ਾਂ ਭੁਪਾਲ ਰਾਮ ਦੀ ਪਤਨੀ (40) ਬੇਟੀ ਅੰਜਲੀ (14), ਬੇਟੇ ਕ੍ਰਿਸ਼ਨ (8) ਤੇ ਬੇਟੇ ਭਾਸਕਰ (5) ਦੀਆਂ ਸਨ |
ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਹੋਲੀ ਵਾਲੇ ਦਿਨ ਤੋਂ ਹੀ ਇਨ੍ਹਾਂ ਨੂੰ ਕਿਸੇ ਨੇ ਦੇਖਿਆ ਨਹੀਂੇ | ਇਸ ਤਰ੍ਹਾਂ ਮੰਨਿਆ ਗਿਆ ਕਿ ਇਨ੍ਹਾਂ ਚਾਰਾਂ ਦੀ ਮੌਤ 8 ਮਾਰਚ ਨੂੰ ਹੋਈ ਸੀ | ਪੁਲਸ ਨੇ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਰਸੋਈ ਵਿਚਲਾ ਹਰ ਬਰਤਨ ਖਾਲੀ ਸੀ | ਨਾ ਘਰ ਵਿੱਚ ਆਟਾ ਸੀ, ਨਾ ਚਾਵਲ, ਨਾ ਤੇਲ ਤੇ ਨਾ ਹੀ ਨਮਕ | ਗੈਸ ਦਾ ਚੁੱਲ੍ਹਾ ਸੀ, ਪਰ ਸਿਲੰਡਰ ਨਹੀਂ ਸੀ | ਸ਼ਾਇਦ ਸਿਲੰਡਰ ਵੇਚ ਦਿੱਤਾ ਹੋਵੇ ਜਾਂ ਕਰਜ਼ਦਾਰ ਚੁੱਕ ਕੇ ਲੈ ਗਏ ਹੋਣ | ਪੁਲਸ ਨੇ ਜਦੋਂ ਬਾਕੀ ਘਰ ਦੀ ਛਾਣਬੀਨ ਕੀਤੀ ਤਾਂ ਉਸ ਨੂੰ ਇੱਕ ਚਟਾਈ ਦੇ ਹੇਠੋਂ 12 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ | ਇਹ ਨੋਟ ਸੱਤਵੀਂ ਜਮਾਤ ਵਿੱਚ ਪੜ੍ਹਦੀ 14 ਸਾਲਾ ਅੰਜਲੀ ਨੇ ਲਿਖਿਆ ਸੀ | ਉਸ ਨੇ ਘਰ ਦੀ ਬਦਹਾਲੀ ਦਾ ਸਾਰਾ ਕਿੱਸਾ ਬਿਆਨ ਕੀਤਾ ਸੀ | ਆਰਥਿਕ ਤੰਗੀ ਤੇ ਲਹਿਣੇਦਾਰਾਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦੇ ਕਿੱਸੇ ਸਿਲਸਿਲੇਵਾਰ ਲਿਖੇ ਗਏ ਸਨ | ਆਖਰ ਵਿੱਚ ਅੰਜਲੀ ਨੇ ਲਿਖਿਆ ਸੀ ਕਿ ਮਾਂ ਸਲਫਾਸ ਲੈ ਕੇ ਆਈ ਹੈ | ਉਹ ਆਰਥਿਕ ਤੰਗੀ ਤੇ ਦੇਣਦਾਰੀਆਂ ਤੋਂ ਦੁਖੀ ਹਨ | ਨੋਟ ਵਿੱਚ ਸਥਾਨਕ ਪੁਲਸ ਵੱਲੋਂ ਪ੍ਰੇਸ਼ਾਨ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ |
ਪਰਵਾਰ ਦੇ ਚਾਰ ਲੋਕਾਂ ਦੀ ਮੌਤ ਤੋਂ ਬਾਅਦ ਸੁੱਤੀ ਸਰਕਾਰ ਜਾਗਣ ਦਾ ਨਾਟਕ ਕਰ ਰਹੀ ਹੈ | ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ | ਰਾਜ ਦੇ ਮਹਿਲਾ ਕਮਿਸ਼ਨ ਦੀ ਮੁਖੀ ਨੇ ਡੀ ਐੱਮ ਤੇ ਐੱਸ ਪੀ ਕੋਲੋਂ ਰਿਪੋਰਟ ਤਲਬ ਕੀਤੀ ਹੈ | ਦਲਿਤ ਪਰਵਾਰ ਹੋਣ ਕਰਕੇ ਅਨੁਸੂਚਿਤ ਜਾਤੀ ਕਮਿਸ਼ਨ ਵਾਲੇ ਵੀ ਹਾਜ਼ਰੀ ਭਰਨ ਆਉਣਗੇ |
ਮੋਦੀ ਸਰਕਾਰ ਦੇ ਨਾਲ-ਨਾਲ ਉਤਰਾਖੰਡ ਸਰਕਾਰ ਵੀ ਦਾਅਵਾ ਕਰਦੀ ਹੈ ਕਿ ਉਹ ਗਰੀਬ ਲੋਕਾਂ ਨੂੰ ਹਰ ਮਹੀਨੇ 5-5 ਕਿਲੋ ਅਨਾਜ ਮੁਫ਼ਤ ਦੇ ਰਹੀ ਹੈ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਵਾਲੇ 5-5 ਕਿਲੋ ਅਨਾਜ ਦੇ ਇਹ ਝੋਲੇ ਇਸ ਪਰਵਾਰ ਦੇ ਘਰੋਂ ਨਹੀਂ ਨਿਕਲੇ | ਉਤਰਾਖੰਡ ਦੀ ਇਸ ਘਟਨਾ ਨੇ ਸਰਕਾਰ ਦੇ ਸਭ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਬਿਨਾਂ ਸ਼ੱਕ ਇਨ੍ਹਾਂ ਮੌਤਾਂ ਲਈ ਪਰਵਾਰ ਦੇ ਮੁਖੀ ਵੱਲੋਂ ਲਿਆ ਕਰਜ਼ਾ ਵੀ ਇੱਕ ਕਾਰਨ ਹੋ ਸਕਦਾ ਹੈ, ਪਰ ਘਰ ਵਿੱਚੋਂ ਅੰਨ ਦਾ ਇੱਕ ਦਾਣਾ ਵੀ ਨਾ ਮਿਲਣਾ ਇਸ ਗੱਲ ਦਾ ਗਵਾਹ ਹੈ ਕਿ ਪਰਵਾਰ ਦੇ ਜੀਅ ਕਈ ਦਿਨਾਂ ਤੋਂ ਭੁੱਖ ਸਨ | ਪ੍ਰਧਾਨ ਮੰਤਰੀ ਮੋਦੀ ਕਹਿੰਦੇ ਤਾਂ ਇਹ ਹਨ ਕਿ ਕਾਂਗਰਸ ਰਾਜ ਸਮੇਂ ਉਪਰੋਂ ਆਉਂਦੇ ਇੱਕ ਰੁਪਏ ਵਿੱਚੋਂ ਸਿਰਫ਼ 15 ਪੈਸੇ ਹੀ ਲੋਕਾਂ ਤੱਕ ਪੁੱਜਦੇ ਸਨ ਤੇ ਉਨ੍ਹਾ ਦੇ ਰਾਜ ਸਮੇਂ ਵਿਚਕਾਰ ਖਾਣ ਵਾਲਾ ਕੋਈ ਨਹੀਂ ਹੈ, ਪਰ ਉਪਰੋਕਤ ਘਟਨਾ ਦੀ ਹਕੀਕਤ ਮੋਦੀ ਦੇ ਦਾਅਵੇ ਦਾ ਮਜ਼ਾਕ ਉਡਾ ਰਹੀ ਹੈ |

LEAVE A REPLY

Please enter your comment!
Please enter your name here