ਚੰਡੀਗੜ੍ਹ : ਹਰਿਆਣਾ ਪੁਲਸ ਨੇ ਬਲਜੀਤ ਕੌਰ ਨੂੰ ਗਿ੍ਫਤਾਰ ਕੀਤਾ ਹੈ, ਜਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਖੁਦਸਾਖਤਾ ਚੀਫ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਕੁਰੁਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਇਲਾਕੇ ‘ਚ ਆਪਣੇ ਘਰ ‘ਚ ਪਨਾਹ ਦਿੱਤੀ | ਇਸ ਤੋਂ ਸੰਕੇਤ ਮਿਲਦਾ ਹੈ ਕਿ ਅੰਮਿ੍ਤਪਾਲ ਪੰਜਾਬ ‘ਚੋਂ ਬਾਹਰ ਨਿਕਲ ਚੁੱਕਾ ਹੈ |
ਕੁਰੁਕਸ਼ੇਤਰ ਦੇ ਐੱਸ ਪੀ ਸੁਰਿੰਦਰ ਸਿੰਘ ਭੋਰੀਆ ਨੇ ਦੱਸਿਆ ਕਿ ਸ਼ਾਹਾਬਾਦ-ਮਾਰਕੰਡਾ ਦੀ ਸਿਧਾਰਥ ਕਾਲੋਨੀ ਦੀ ਬਲਜੀਤ ਕੌਰ ਨੇ ਐਤਵਾਰ ਅੰਮਿ੍ਤਪਾਲ ਤੇ ਪੱਪਲਪ੍ਰੀਤ ਨੂੰ ਪਨਾਹ ਦਿੱਤੀ | ਬਲਜੀਤ ਕੌਰ ਨੂੰ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ | 28 ਸਾਲਾ ਬਲਜੀਤ ਕੌਰ ਆਪਣੇ ਭਰਾ ਤੇ ਪਿਤਾ (78) ਨਾਲ ਰਹਿੰਦੀ ਸੀ | ਉਸ ਦਾ ਭਰਾ ਕੁਰੁਕਸ਼ੇਤਰ ‘ਚ ਐੱਸ ਡੀ ਐੱਮ ਦਫਤਰ ‘ਚ ਕੰਮ ਕਰਦਾ ਹੈ ਤੇ ਪਿਤਾ ਦੁੱਧ ਦਾ ਕਾਰੋਬਾਰ ਕਰਦਾ ਹੈ |
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਅੰਮਿ੍ਤਪਾਲ ਉੱਤਰਾਖੰਡ ਪਹੁੰਚ ਕੇ ਨੇਪਾਲ ਭੱਜਣ ਦਾ ਜਤਨ ਕਰ ਰਿਹਾ ਹੈ | ਪੰਜਾਬ ਪੁਲਸ ਤੇ ਏਜੰਸੀਆਂ ਹੁਣ ਸ਼ਾਹਾਬਾਦ ਤੋਂ ਅੱਗੇ ਉਸ ਦਾ ਖੁਰਾ ਲੱਭ ਰਹੀਆਂ ਹਨ |
ਆਈ ਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮਿ੍ਤਪਾਲ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਉਸ ਕੋਲੋਂ ਅਜਿਹੀਆਂ ਵੀਡੀਓਜ਼ ਮਿਲੀਆਂ ਹਨ, ਜਿਨ੍ਹਾਂ ਵਿਚ ਅੰਮਿ੍ਤਪਾਲ ਤੇ ਉਸ ਦੇ ਸਾਥੀ ਹਥਿਆਰਾਂ ਦੀ ਟਰੇਨਿੰਗ ਦਿੰਦੇ ਨਜ਼ਰ ਆ ਰਹੇ ਹਨ | ਉਸ ਕੋਲੋਂ ਅੰਮਿ੍ਤਪਾਲ ਦੇ ਨਿੱਜੀ ਮਿਲੀਸ਼ੀਆ ਆਨੰਦਪੁਰ ਖਾਲਸਾ ਫੌਜ (ਏ ਕੇ ਐੱਫ) ਦਾ ਇਕ ਹੋਲੋਗ੍ਰਾਮ ਵੀ ਮਿਲਿਆ ਹੈ | ਗੋਰਖੇ ਕੋਲੋਂ ਹੋਰ ਵੀ ਬਹੁਤ ਸੰਵੇਦਨਸ਼ੀਲ ਵੀਡੀਓਜ਼ ਤੇ ਤਸਵੀਰਾਂ ਮਿਲੀਆਂ ਹਨ, ਜਿਨ੍ਹਾਂ ਬਾਰੇ ਇਸ ਵੇਲੇ ਖੁਲਾਸਾ ਨਹੀਂ ਕੀਤਾ ਜਾ ਸਕਦਾ | ਤੇਜਿੰਦਰ ਸਿੰਘ ਲੁਧਿਆਣਾ ਦੇ ਪਿੰਡ ਮਾਂਗੇਵਾਲ ਦਾ ਹੈ | ਸੋਸ਼ਲ ਮੀਡੀਆ ‘ਤੇ ਉਸ ਦੀਆਂ ਹਥਿਆਰਾਂ ਨਾਲ ਲੈਸ ਕਈ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ | ਰਿਕਾਰਡ ਘੋਖਣ ‘ਤੇ ਪਤਾ ਲੱਗਾ ਕਿ ਉਸ ਕੋਲ ਬੰਦੂਕ ਦਾ ਲਾਇਸੈਂਸ ਨਹੀਂ ਸੀ | ਉਸ ਵਿਰੁੱਧ ਆਈ ਪੀ ਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ | ਉਹ ਅਜਨਾਲਾ ਕਾਂਡ ਵਿਚ ਵੀ ਸ਼ਾਮਲ ਸੀ | ਆਈ ਜੀ ਗਿੱਲ ਨੇ ਦੱਸਿਆ ਕਿ ਨੰਗਲ ਅੰਬੀਆਂ ਦੇ ਗੁਰਦੁਆਰੇ ਤੋਂ ਭੱਜਣ ਤੋਂ ਬਾਅਦ ਅੰਮਿ੍ਤਪਾਲ ਬਾਈਕ ‘ਤੇ ਸ਼ੇਖੂਪੁਰਾ ਪੁੱਜਾ | ਉਥੋਂ ਪੱਪਲਪ੍ਰੀਤ ਦੇ ਨਾਲ ਫਿਲੌਰ ਤੇ ਲਾਡੋਵਾਲ ਵਿਚਕਾਰ ਪੈਂਦੇ ਰੇਲਵੇ ਪੁਲ, ਜਿਸ ਨੂੰ ਅੱਜਕੱਲ੍ਹ ਵਰਤਿਆ ਨਹੀਂ ਜਾਂਦਾ, ਨੂੰ ਪਾਰ ਕੀਤਾ | ਉਥੋਂ ਉਹ ਹਾਰਡੀ’ਜ਼ ਵਰਲਡ ਪੁੱਜਾ ਤੇ ਟਰੱਕ ਰਾਹੀਂ ਹਰਿਆਣਾ ਪੁੱਜਾ | ਸ਼ਾਹਾਬਾਦ ‘ਚ ਰਾਤ ਕੱਟ ਕੇ ਤੜਕੇ ਅੱਗੇ ਨਿਕਲ ਗਿਆ | ਇਸੇ ਦੌਰਾਨ ਦੋ ਜ਼ਿਲਿ੍ਹਆਂ ਤਰਨ ਤਾਰਨ ਤੇ ਫਿਰੋਜ਼ਪੁਰ ਵਿਚ ਇੰਟਰਨੈੱਟ ਤੇ ਐੱਸ ਐੱਮ ਐੱਸ ‘ਤੇ ਪਾਬੰਦੀ 24 ਮਾਰਚ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਗਈ ਹੈ | ਅੰਮਿ੍ਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਸਮੂਹ ਪੰਜਾਬ ਦੇ ਅੰਦਰ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ | ਅੰਮਿ੍ਤਪਾਲ ਸਿੰਘ ਖਿਲਾਫ ਲੁਕਆਊਟ ਸਰਕੂਲਰ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਮਹਾਰਾਸ਼ਟਰ ਪੁਲਸ ਵੀ ਚੌਕਸ ਹੋ ਗਈ ਹੈ | ਉਸ ਨੇ ਨਾਂਦੇੜ ਸਮੇਤ ਕੁਝ ਜ਼ਿਲਿ੍ਹਆਂ ‘ਚ ਅਲਰਟ ਜਾਰੀ ਕੀਤਾ ਹੈ | ਨਾਂਦੇੜ ਆਣ-ਜਾਣ ਵਾਲੇ ਹਰ ਵਿਅਕਤੀ ਦੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ | ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤਾ ਵੀ ਅਲਰਟ ‘ਤੇ ਹੈ |