ਸਰੀ : ਕੈਨੇਡਾ ਦੀ ਆਬਾਦੀ ਵਿਚ 1 ਜਨਵਰੀ, 2022 ਤੋਂ 1 ਜਨਵਰੀ, 2023 ਤੱਕ 10 ਲੱਖ ਲੋਕਾਂ ਦਾ ਵਾਧਾ ਹੋਇਆ ਹੈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ | ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਹਫਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2022 ਵਿਚ ਕੈਨੇਡਾ ਦੀ ਆਬਾਦੀ ਵਿਚ 1,050,110 ਦਾ ਵਾਧਾ ਹੋਇਆ ਹੈ, ਜਿਸ ਨਾਲ 1 ਜਨਵਰੀ, 2023 ਨੂੰ ਕੈਨੇਡਾ ਦੀ ਆਬਾਦੀ 39,566,248 ਹੋ ਗਈ ਹੈ | ਆਬਾਦੀ ਵਿਚ ਹੋਇਆ ਇਹ ਵਾਧਾ ਰਿਕਾਰਡ ਬਣ ਗਿਆ ਹੈ | 2022 ‘ਚ ਕੈਨੇਡਾ ਦੀ ਆਬਾਦੀ ਵਧਣ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪ੍ਰਵਾਸ ਦੱਸਿਆ ਗਿਆ ਹੈ | ਕੈਨੇਡਾ 2022 ‘ਚ ਆਬਾਦੀ ਵਾਧੇ ਲਈ ਜੀ-7 ਦੇਸ਼ਾਂ ‘ਚ ਸਭ ਤੋਂ ਅੱਗੇ ਹੈ | ਇਹ ਵੀ ਕਿਹਾ ਗਿਆ ਹੈ ਕਿ ਜੇ ਆਬਾਦੀ ਦੇ ਵਾਧੇ ਦੀ ਇਹ ਦਰ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਆਉਣ ਵਾਲੇ ਲੱਗਭੱਗ 26 ਸਾਲਾਂ ‘ਚ ਕੈਨੇਡੀਅਨ ਦੀ ਆਬਾਦੀ ਦੁੱਗਣੀ ਹੋ ਜਾਵੇਗੀ |
ਅੰਤਰਰਾਸ਼ਟਰੀ ਪ੍ਰਵਾਸ ‘ਚ ਦੇਖਿਆ ਗਿਆ ਵਾਧਾ ਕੈਨੇਡਾ ਸਰਕਾਰ ਵੱਲੋਂ ਆਰਥਿਕਤਾ ਦੇ ਮੁੱਖ ਖੇਤਰਾਂ ‘ਚ ਮਜ਼ਦੂਰਾਂ ਦੀ ਕਮੀ ਨੂੰ ਘੱਟ ਕਰਨ ਦੇ ਯਤਨਾਂ ਸਦਕਾ ਹੋਇਆ ਹੈ | ਦੂਜੇ ਪਾਸੇ ਸਥਾਈ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਧਣ ਕਾਰਨ ਕੈਨੇਡਾ ਵਿਚ ਰਿਹਾਇਸ਼, ਬੁਨਿਆਦੀ ਢਾਂਚੇ, ਆਵਾਜਾਈ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਨਾਲ ਸੰਬੰਧਤ ਦੇਸ਼ ਦੇ ਕੁਝ ਖੇਤਰਾਂ ਸਾਹਮਣੇ ਵੱਡੀਆਂ ਚੁਣੌਤੀਆਂ ਨੂੰ ਵੀ ਦਰਸਾ ਰਿਹਾ ਹੈ |