ਸ਼ਾਹਕੋਟ (ਗਿਆਨ ਸੈਦਪੁਰੀ)
ਇਨਕਲਾਬੀ ਕਾਵਿ ਅੰਬਰ ’ਤੇ ਧਰੂ ਤਾਰੇ ਵਾਂਗ ਚਮਕਦੇ ਅਵਤਾਰ ਪਾਸ਼, ਉਸ ਦੇ ਜਿਗਰੀ ਯਾਰ ਹੰਸ ਰਾਜ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਤਲਵੰਡੀ ਸਲੇਮ ਵਿਖੇ ਸ਼ਾਨਦਾਰ ਸਮਾਗਮ ਹੋਇਆ। ਸੈਂਕੜੇ ਮਰਦ, ਔਰਤਾਂ ਅਤੇ ਬੱਚਿਆਂ ਦੇ ਇਕੱਠ ਵਾਲੇ ਇਸ ਸਮਾਗਮ ਵਿੱਚ ਜਿੱਥੇ ਸ਼ਹੀਦਾਂ ਦੇ ਵਿਚਾਰਾਂ ਦੀ ਲੋਅ ਘਰ-ਘਰ ਲਿਜਾਣ ਦਾ ਅਹਿਦ ਲਿਆ ਗਿਆ, ਉੱਥੇ ਹਾਕਮ ਜਮਾਤਾਂ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਫਿਰਕਾਪ੍ਰਸਤ ਤਾਕਤਾਂ ਦੀ ਮਿਲੀਭੁਗਤ ਨਾਲ ਪੰਜਾਬੀ ਭਾਈਚਾਰੇ ਵਿੱਚ ਨਫਰਤਾਂ ਭਰ ਕੇ ਉਸ ਨੂੰ ਵੰਡਣ ਦੇ ਮਨਸੂਬੇ ਜੱਗ ਜ਼ਾਹਰ ਕੀਤੇ ਗਏ। ਇਸ ਦੇ ਨਾਲ ਹੀ ਮਜ਼ਦੂਰ ਵਿਹੜਿਆਂ ਵਿੱਚ ਰਹਿੰਦੇ ਗਰੀਬ ਲੋਕਾਂ ਦੀ ਤਰਾਸਦੀ ਬਿਆਨ ਕਰਕੇ ਉਸ ਦੇ ਹੱਲ ਤਲਾਸ਼ੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪਾਸ਼ ਵਰਗੇ ਕਵੀਆਂ ਵੱਲੋਂ ਪੰਜਾਬ ਵਿੱਚ ‘ਸੋਨੇ ਦੀ ਸਵੇਰ’ ਲਿਆਉਣ ਦੀ ਤਾਂਘ ਦੇ ਅਮਲ ਲਈ ਕਿਸਾਨਾਂ ਅਤੇ ਮਜ਼ਦੂਰਾਂ ਦਰਮਿਆਨ ਕਿਸੇ ਕਿਸਮ ਦੀ ਤਰੇੜ ਨਾ ਪੈਣ ਦੇਣ ਸਗੋਂ ਕਰੰਘੜੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਪ੍ਰਣ ਕੀਤਾ ਗਿਆ। ਸਮਾਗਮ ਵਿੱਚ ਪੇਸ਼ ਹੋਇਆ ਗੀਤ-ਸੰਗੀਤ ਲੋਕ ਮਨਾਂ ਅੰਦਰ ਇਨਕਲਾਬੀ ਤਰੰਗਾਂ ਛੇੜ ਗਿਆ।
ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਕਲਮ ਦੀ ਤਾਕਤ ਬਿਆਨ ਕਰਦਿਆਂ ਕਿਹਾ ਕਿ ਬਾਬੇ ਨਾਨਕ ਨੇ ਕਲਮ ਚਲਾਈ ਤਾਂ ਬਾਬਰ ਕੰਬਿਆ। ਬੁੱਲ੍ਹੇ ਸ਼ਾਹ ਨੇ ਕਲਮ ਵਾਹੀ ਤਾਂ ਹਾਕਮਾਂ ਨੂੰ ਕੰਬਣੀ ਛਿੜੀ। ਬਾਬੇ ਕਹਿੰਦੇ ਸਨ ਕਿ ਧਰਤੀ ਤੇ ਧਨ ਸਭ ਦੇ ਸਾਂਝੇ ਹਨ। ਉਨ੍ਹਾਂ ਦੀ ਇਸੇ ਗੱਲ ਕਰਕੇ ਹਾਕਮ ਕੰਬਦੇ ਸਨ। ਸਾਡੇ ਸਮਿਆਂ ਦਾ ਇਨਕਲਾਬੀ ਕਵੀ ਪਾਸ਼ ਵੀ ਲੋਕਾਂ ਦੀ ਪੀੜ ਦੀ ਗੱਲ ਕਰਦਾ ਸੀ। ਇਸੇ ਕਰਕੇ ਉਸ ਨੂੰ ਯਾਦ ਕਰਦੇ ਹਾਂ। ਪੰਜਾਬ ਦੇ ਖੌਫਜ਼ਦਾ ਮਾਹੌਲ ਦੀ ਗੱਲ ਕਰਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਇੱਥੇ ਚੂਹਾ ਬਿੱਲੀ ਦੀ ਖੇਲ ਖੇਡੀ ਜਾ ਰਹੀ ਹੈ। ਅੰਮਿ੍ਰਤਸਰ ਹੋਏ ਜੀ-20 ਸੰਮੇਲਨ ਦੇ ਹਵਾਲੇ ਨਾਲ ਉਨ੍ਹਾ ਕਿਹਾ ਕਿ ਸਰਕਾਰੀ ਵਿੱਦਿਆ ਨੂੰ ਖਤਮ ਕਰਨ ਦੇ ਸੌਦੇ ਕੀਤੇ ਜਾ ਰਹੇ ਹਨ। ਪਲਸ ਮੰਚ ਦੇ ਆਗੂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮੇਤ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਅਤੇ ਸ਼ਹੀਦੀ ਦੇ ਮਹੀਨੇ ਸਤੰਬਰ ਅਤੇ ਮਾਰਚ ਦੇ ਹਵਾਲੇ ਨਾਲ ਕਿਹਾ ਕਿ ਇਹ ਸਬੱਬ ਨਹੀਂ ਸਗੋਂ ਇਤਿਹਾਸ ਦਾ ਸ਼ਾਨਦਾਰ ਸੁਮੇਲ ਹੈ। ਉਨ੍ਹਾਂ ਲੰਬੀ ਲੜਾਈ ਦਾ ਹੋਕਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਇਹੋ ਜਿਹਾ ਰਾਜ ਪ੍ਰਬੰਧ ਪੈਦਾ ਕਰਨਾ ਹੈ, ਜਿਸ ਵਿੱਚ ਜਵਾਨੀ ਨੂੰ ਵਿਦੇਸ਼ਾਂ ਵੱਲ ਦੌੜਨ ਦੀ ਲੋੜ ਨਾ ਪਵੇ।
ਤਰਕਸ਼ੀਲ ਸੁਸਾਇਟੀ ਦੇ ਜੱਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਨੇ ਭਗਤ ਸਿੰਘ ਦੇ ਮੋੜੇ ਹੋਏ ਵਰਕੇ ਤੋਂ ਅੱਗੇ ਪੜ੍ਹਨ ਦੀ ਗੱਲ ਕਰਦਿਆਂ ਕਿਹਾ ਕਿ ਅੱਖਾਂ ਖੋਲ੍ਹ ਕੇ ਸੁਚੇਤ ਹੋ ਕੇ ਪੜ੍ਹਨ ਦੀ ਲੋੜ ਹੈ। ਉਨ੍ਹਾ ਕਿਹਾ ਕਿ ਇਹ ਗੱਲ ਬਹੁਤ ਜ਼ਰੂਰੀ ਸਮਝਣ ਵਾਲੀ ਹੈ ਕਿ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਕਿਸਮਤ ਕਰਕੇ ਨਹੀਂ, ਸਗੋਂ ਹਾਕਮਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਮਾਲੜੀ ਨੇ ਕਿਹਾ ਕਿ ਜਦੋਂ ਲੋਕ ਲਹਿਰਾਂ ਉੱਠਦੀਆਂ ਹਨ ਤਾਂ ਹਾਕਮ ਸੇਹ ਦਾ ਤਕਲਾ ਗੱਡ ਦਿੰਦੇ ਹਨ ਤਾਂ ਕਿ ਲੋਕ ਰੋਹ ਨੂੰ ਭਟਕਾਇਆ ਜਾ ਸਕੇ। ਇਹੋ ਕੁਝ ਪੰਜਾਬ ਵਿੱਚ ਇਨ੍ਹੀਂ ਦਿਨੀਂ ਹੋ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮਾਸਟਰ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਪਾਸ਼ ਦੇ ਸੁਪਨੇ ਸਾਕਾਰ ਕਰਨ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰੰਗੜੀ ਪਵਾਉਣੀ ਪਵੇਗੀ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਦਾ ਸੰਦੇਸ਼ ਸੁਣਾਇਆ ਗਿਆ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ 92 ਸਾਲ ਪਹਿਲਾਂ ਸ਼ਹਾਦਤ ਹੋਈ ਸੀ। ਸਾਮਰਾਜਵਾਦ ਵਿਰੋਧੀ ਉਨ੍ਹਾਂ ਸ਼ਹੀਦਾਂ ਦੇ ਗੂੜ੍ਹੇ ਤੇ ਗਾੜੇ੍ਹ ਖੂਨ ਵਿੱਚ 35 ਸਾਲ ਪਹਿਲਾਂ 1988 ਨੂੰ ਤਲਵੰਡੀ ਸਲੇਮ ਦੇ ਦੋ ਸਪੂਤਾਂ ਦਾ ਖੂਨ ਵੀ ਸ਼ਾਮਲ ਹੋ ਗਿਆ। ਅਸੀਂ ਇਨ੍ਹਾਂ ਸਾਰੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ।
ਅਦਾਕਾਰ ਮੰਚ ਮੁਹਾਲੀ ਵੱਲੋਂ ਡਾ. ਸਾਹਿਬ ਸਿੰਘ ਦਾ ਲਿਖਿਆ ਤੇ ਉਨ੍ਹਾਂ ਵੱਲੋਂ ਹੀ ਖੇਡਿਆ ਗਿਆ ਨਾਟਕ ‘ਲੱਛੂ ਕਬਾੜੀਆ’ ਲੋਕ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ। ਇਸ ਨਾਟਕ ਵਿੱਚ ਕੰਮੀਆਂ ਦੇ ਵਿਹੜਿਆਂ ਦੀਆਂ ਦੁੱਖਾਂ ਭਰੀਆਂ ਜੀਊਣ ਹਾਲਤਾਂ ਦੀ ਪੇਸ਼ਕਾਰੀ ਵੇਖਦਿਆਂ ਹਰ ਸੰਵੇਦਨਸ਼ੀਲ ਬੰਦੇ ਦੀਆਂ ਅੱਖਾਂ ਵਿੱਚ ਅੱਥਰੂ ਛਲਕ ਆਏ। ਇਸ ਨਾਟਕ ਦੇ ਅਨੇਕਾਂ ਡਾਇਲਾਗ ਚਿਰਾਂ ਤੱਕ ਚੇਤਿਆਂ ਦਾ ਹਿੱਸਾ ਬਣੇ ਰਹਿਣਗੇ। ਅਮੀਰਾਂ ਦੇ ਇੱਕ ਹਿੱਸੇ ਵੱਲੋਂ ਮਜ਼ਦੂਰ ਵਿਹੜਿਆਂ ਨੂੰ ਸੁੰਦਰ ਦੇਸ਼ ’ਤੇ ਕਲੰਕ ਆਖੇ ਜਾਣ ਦੇ ਹਵਾਲੇ ਨਾਲ ਨਾਟਕ ਦਾ ਪਾਤਰ ਕਹਿੰਦਾ ਹੈ ਕਿ ਕਲੰਕ ਭੁੱਖ ਹੁੰਦੀ ਹੈ। ਭੁੱਖ ਹੰਢਾਉਣ ਵਾਲੇ ਨਹੀਂ ਸਗੋਂ ਭੁੱਖ ਪੈਦਾ ਕਰਨ ਵਾਲੇ ਹੁੰਦੇ ਹਨ। ਸਵਾ ਘੰਟੇ ਦੇ ਨਾਟਕ ਵਿੱਚ ‘ਪੱਤਾ ਵੀ ਹਿੱਲੇ ਤਾਂ ਖੜਾਕ ਹੋਵੇ’ ਵਾਲਾ ਮਾਹੌਲ ਬਣਿਆ ਰਿਹਾ।
ਸਮਾਗਮ ਵਿੱਚ ਕਾਵਿ ਜਗਤ ਦੇ ਅਹਿਮ ਹਸਤਾਖਰ ਹਰਮੀਤ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੋ ਕਵਿਤਾਵਾਂ ‘ਪਾਸ਼ ਨੂੰ ਚੇਤੇ ਕਰਦਿਆਂ’ ਅਤੇ ‘ਧੁਖਦੇ ਸਮਿਆਂ ਦੇ ਸਨਮੁਖ’ ਪੇਸ਼ ਕੀਤੀਆਂ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਕਵੀਸ਼ਰੀ ਪੇਸ਼ ਕੀਤੀ। ਸਮਾਗਮ ਵਿੱਚ ਪਾਸ਼ ਦੀਆਂ ਭੈਣਾਂ ਪਰਮਿੰਦਰ ਕੌਰ ਤੇ ਰਜਿੰਦਰ ਕੌਰ ਦੀ ਹਾਜ਼ਰੀ ਪ੍ਰਬੰਧਕਾਂ ਦੇ ਉਤਸ਼ਾਹ ਵਿੱਚ ਵਾਧਾ ਕਰਦੀ ਨਜ਼ਰ ਆਈ। ਉਹ ਦੋਵੇਂ ਵਿਦੇਸ਼ ਤੋਂ ਆ ਕੇ ਪਹਿਲਾਂ ਖਟਕੜ ਕਲਾਂ ਗਈਆਂ ਤੇ ਉਪਰੰਤ ਤਲਵੰਡੀ ਸਲੇਮ ਵਾਲੇ ਸਮਾਗਮ ਵਿੱਚ ਸ਼ਾਮਲ ਹੋਈਆਂ। ਅਮੋਲਕ ਸਿੰਘ ਨੇ ਉਨ੍ਹਾਂ ਨੂੰ ਪਾਸ਼ ਦੀਆਂ ਕਿਤਾਬਾਂ ਦੇ ਸੈੱਟ ਭੇਟ ਕੀਤੇ। ਸਟੇਜ ਸਕੱਤਰ ਦੇ ਫਰਜ਼ ਪਾਸ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਣ ਸਿੰਘ ਬੱਲ ਨੇ ਨਿਭਾਏ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਰਬੰਸ ਲਾਲ ਨਿਊਜ਼ੀਲੈਂਡ (ਭਰਾ ਹੰਸ ਰਾਜ), ਪ੍ਰੋ: ਤਰਸੇਮ ਸਾਗਰ, ਸੁਰਿੰਦਰ ਕੁਮਾਰੀ ਕੋਛੜ, ਜਗੀਰ ਜੋਸਨ, ਤਰਕਸ਼ੀਲ ਆਗੂ ਪਿ੍ਰੰਸੀਪਲ ਮਨਜੀਤ ਸਿੰਘ, ਸੁਖਵਿੰਦਰ ਬਾਗਪੁਰ, ਮਜ਼ਦੂਰ ਆਗੂ ਸੁਖਜਿੰਦਰ ਲਾਲੀ ਹਾਜ਼ਰ ਸਨ।





