ਚੰਡੀਗੜ੍ਹ : ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਜਲਾਲਾਬਾਦ ਨੇੜੇ ਤਿੰਨ ਸਕੂਲ ਅਧਿਆਪਕਾਂ ਦੀ ਸੜਕ ਹਾਦਸੇ ਵਿਚ ਹੋਈ ਬੇਵਕਤੀ ਮੌਤ ਅਤੇ 10 ਅਧਿਆਪਕਾਂ ਦੇ ਗੰਭੀਰ ਜ਼ਖਮੀ ਹੋਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਹਨਾ ਮਰਹੂਮ ਅਧਿਆਪਕਾਂ ਕੰਚਨ, ਮਨਿੰਦਰ ਕੌਰ ਅਤੇ ਪਿ੍ੰਸ ਕੰਬੋਜ ਦੇ ਪਰਵਾਰਾਂ ਅਤੇ ਸਨੇਹੀਆਂ ਨਾਲ ਗਹਿਰੀ ਸੰਵੇਦਨਾ ਵਿਅਕਤ ਕੀਤੀ ਹੈ | ਸਾਥੀ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੇ ਦੂਰ-ਦੁਰਾਡੇ ਨੌਕਰੀ ਕਰਨ ਜਾਣ ਵਾਲੇ ਨੌਜਵਾਨ ਅਧਿਆਪਕਾਂ ਦੀਆਂ ਉਹਨਾਂ ਦੀ ਪਰਵਾਰਕ ਰਿਹਾਇਸ਼ ਨੇੜੇ ਬਦਲੀਆਂ ਕੀਤੀਆਂ ਜਾਣ, ਤਾਂ ਕਿ ਅਧਿਆਪਕਾਂ ਦਾ ਕੀਮਤੀ ਸਮਾਂ ਅਤੇ ਅਨਮੋਲ ਜੀਵਨ ਬਚਾਇਆ ਜਾ ਸਕੇ | ਉਹਨਾ ਕਿਹਾ ਕਿ ਮੈਡਮ ਕੰਚਨ, ਮੈਡਮ ਮਨਿੰਦਰ ਕੌਰ ਅਤੇ ਪਿ੍ੰਸ ਕੰਬੋਜ ਦੇ ਪਰਵਾਰਾਂ ਨੂੰ ਸੂਬਾ ਸਰਕਾਰ ਉਚਿਤ ਮੁਆਵਜ਼ਾ ਦੇਵੇ ਅਤੇ ਪਰਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ | ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਅਦਾਰਿਆਂ ਵਿਚ ਨਿਯੁਕਤੀ ਕਰਨ ਲਈ ਟੈਸਟ ਲਏ ਹਨ, ਪਰ ਹਾਲੇ ਤੱਕ ਨਿਯੁਕਤੀਆਂ ਨਹੀਂ ਕੀਤੀਆਂ ਗਈਆਂ | ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਵਿਭਾਗ, ਤਕਨੀਕੀ ਸਿੱਖਿਆ ਵਿਭਾਗ, ਸਹਿਕਾਰਤਾ ਵਿਭਾਗ, ਪੁਲਸ ਵਿਭਾਗ ਅਤੇ ਉਦਯੋਗਿਕ ਸਿਖਲਾਈ ਵਿਭਾਗਾਂ ਦੀਆਂ ਅਸਾਮੀਆਂ ਫੌਰੀ ਤੌਰ ‘ਤੇ ਭਰੀਆਂ ਜਾਣ ਅਤੇ ਮੁਲਾਜ਼ਮਾਂ ਨੂੰ ਉਹਨਾਂ ਦੀ ਪਰਵਾਰਕ ਰਿਹਾਇਸ਼ ਦੇ ਨੇੜੇ ਤੋਂ ਨੇੜੇ ਨਿਯੁਕਤੀ ਕੀਤੀ ਜਾਵੇ |




