ਜਲੰਧਰ (ਕੇਸਰ)
ਆਜ਼ਾਦੀ ਸੰਗਰਾਮ ਵਿੱਚ ਨਿਵੇਕਲਾ ਸਥਾਨ ਰੱਖਦੀ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਦੇ ਸੰਗਰਾਮੀ ਜੀਵਨ ਸੰਬੰਧੀ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਗੰਭੀਰ ਵਿਚਾਰ-ਚਰਚਾ ਨੇ ਲੋਕ ਲਹਿਰਾਂ ਵਿੱਚ ਔਰਤਾਂ ਦੀ ਇਤਿਹਾਸਕ ਭੂਮਿਕਾ ਨੂੰ ਬੁਲੰਦ ਕੀਤਾ। ਵਿਸ਼ਵ ਰੰਗ-ਮੰਚ ਦਿਹਾੜੇ ਨੂੰ ਸਮਰਪਤ ਇਸ ਸਮਾਗਮ ਮੌਕੇ ਮੰਚ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਗ਼ਦਰੀ ਗੁਲਾਬ ਕੌਰ ਪੁਸਤਕ ਦੇ ਲੇਖਕ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਡਾ. ਜੋਗਿੰਦਰ ਸਿੰਘ, ਕਮੇਟੀ ਮੈਂਬਰ ਅਤੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ, ਕਮੇਟੀ ਮੈਂਬਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਸੁਸ਼ੋਭਤ ਸਨ।
‘ਗ਼ਦਰੀ ਵੀਰਾਂਗਣਾ ਬੀਬੀ ਗੁਲਾਬ ਕੌਰ’ ਕਿਤਾਬ ’ਤੇ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਸਾਬਕਾ ਪ੍ਰੋ. ਜੋਗਿੰਦਰ ਸਿੰਘ ਨੇ ਕਿਹਾ ਕਿ ਗ਼ਦਰ ਲਹਿਰ ਦੇ ਸੂਹੇ ਗੁਲਾਬ, ਬੀਬੀ ਗੁਲਾਬ ਕੌਰ ਕਿਤਾਬ ਲੋਕ ਅਰਪਣ ਕਰਕੇ ਇਤਿਹਾਸ ਦੀ ਬੁੱਕਲ ’ਚ ਸਮੋਈ ਅਮੀਰ ਵਿਰਾਸਤ ਦਾ ਅਮੁੱਲਾ ਗਹਿਣਾ ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਦੀ ਝੋਲੀ ਪਾਇਆ ਹੈ। ਉਹਨਾ ਕਿਹਾ ਕਿ ਗ਼ਦਰੀ ਗੁਲਾਬ ਕੌਰ ਦੇ ਜੀਵਨ ’ਚ ਆਈ ਇਨਕਲਾਬੀ ਤਬਦੀਲੀ ਗੰਭੀਰ ਅਧਿਐਨ ਦੀ ਮੰਗ ਕਰਦੀ ਹੈ। ਉਹਨਾ ਕਿਹਾ ਕਿ ਗੁਲਾਬ ਕੌਰ ਦੇ ਪਤੀ ਮਾਨ ਸਿੰਘ ਦਾ ਪਹਿਲਾਂ ਗ਼ਦਰੀ ਕਾਫ਼ਲੇ ਨਾਲ ਭਾਰਤ ਆਉਣ ਲਈ ਤਿਆਰ ਹੋਣਾ, ਫਿਰ ਅਨੇਕਾਂ ਤਰ੍ਹਾਂ ਦੇ ਤਣਾਅ ’ਚ ਘਿਰ ਕੇ ਪੈਰ ਪਿੱਛੇ ਖਿਸਕਾ ਲੈਣ ਨੂੰ ਵਿਗਿਆਨਕ ਦਿ੍ਰਸ਼ਟੀ ਤੋਂ ਹੋਰ ਗਹਿਰਾਈ ਨਾਲ ਸਮਝਣ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਪਰਮਿੰਦਰ ਸਿੰਘ ਨੇ ਕਿਤਾਬ ’ਤੇ ਬੋਲਦਿਆਂ ਕਿਹਾ ਕਿ ਅਮਲੀ ਤੌਰ ’ਤੇ ਪ੍ਰਤੀਬੱਧ ਹੋ ਕੇ ਆਜ਼ਾਦੀ ਸੰਗਰਾਮ ਵਿੱਚ ਆਖਰੀ ਦਮ ਤੱਕ ਸਮਰਪਤ ਕਰਨ ਦਾ ਨਾਂਅ ਗੁਲਾਬ ਕੌਰ ਹੈ, ਜਿਸ ਨੂੰ ਪੁਸਤਕ ਆਪਣੇ ਕਲਾਵੇ ਵਿੱਚ ਲੈਂਦੀ ਹੈ। ਡਾ. ਪਰਮਿੰਦਰ ਨੇ ਸਾਵਿੱਤਰੀ ਬਾਈ ਫੂਲੇ ਦੀ ਇਤਿਹਾਸਕ ਦੇਣ ਨੂੰ ਗ਼ਦਰੀ ਗੁਲਾਬ ਕੌਰ ਨਾਲ ਜੋੜ ਕੇ ਦੇਖਣ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ, ਜਾਣੇ-ਪਹਿਚਾਣੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਪ੍ਰਧਾਨਗੀ ਮੰਡਲ ਦੀ ਤਰਫ਼ੋਂ ਬੋਲਦਿਆਂ ਕਿਹਾ ਕਿ ਦੇਸ਼ ਭਗਤ ਕਾਫ਼ਲਿਆਂ ’ਚ ਸ਼ਾਮਲ ਲੋਕਾਂ ਦੀ ਜੀਵਨ ਗਾਥਾ ਤਾਂ ਕਿਸੇ ਨਾ ਕਿਸੇ ਰੂਪ ’ਚ ਸਾਹਮਣੇ ਆ ਜਾਂਦੀ ਹੈ ਪਰ ਉਹਨਾਂ ਦੀਆਂ ਮਾਵਾਂ, ਭੈਣਾਂ, ਜੀਵਨ-ਸਾਥਣਾਂ, ਕਿਵੇਂ ਪਰਬਤੋਂ ਭਾਰੀ ਸੰਤਾਪ ਭੋਗਦੀਆਂ ਨੇ, ਇਸ ਦਾ ਜ਼ਿਕਰ ਇਤਿਹਾਸ ਦੀ ਨਜ਼ਰ ਤੋਂ ਅਣਗੌਲਿਆਂ ਰਹਿੰਦਾ ਹੈ।
ਬੀਬੀ ਗੁਲਾਬ ਕੌਰ ਨੇ ਜਿੱਥੇ ਭੂਮੀਗਤ ਹੋ ਕੇ ਗ਼ਦਰੀ ਮੁੱਖ ਕੇਂਦਰ ਵਜੋਂ ਸਰਗਰਮੀਆਂ ਕੀਤੀਆਂ, ਪਿੰਡ ਕੋਟਲਾ ਨੌਧ ਸਿੰਘ ਤੋਂ ਆਏ ਗੁਰਮੇਲ ਸਿੰਘ ਨੇ ਪਿੰਡ ਨਾਲ ਜੁੜੀਆਂ ਗੁਲਾਬ ਕੌਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਕਿਤਾਬ ਦੇ ਲੇਖਕ ਚਰੰਜੀ ਲਾਲ ਕੰਗਣੀਵਾਲ ਨੇ ਆਲੋਚਕ ਵਿਦਵਾਨਾਂ ਦਾ ਅਦਬ ਕਰਦਿਆਂ ਕਿਹਾ ਕਿ ਗ਼ਦਰੀ ਗੁਲਾਬ ਕੌਰ ਸਾਡੀਆਂ ਅਜੋਕੇ ਸਮੇਂ ਦੀਆਂ ਧੀਆਂ ਲਈ ਮਾਰਗ ਦਰਸ਼ਕ ਹੈ। ਉਹਨਾਂ ਕਿਹਾ ਕਿ ਲੋਕ ਲਹਿਰਾਂ ਔਰਤਾਂ ਦੀ ਸ਼ਮੂਲੀਅਤ ਬਗੈਰ ਸਫ਼ਲ ਨਹੀਂ ਹੋ ਸਕਦੀਆਂ। ਇਹ ਪੈਗ਼ਾਮ ਦੇਣ ਦਾ ਕਾਰਜ ਕਰਨ ’ਚ ਇਹ ਪੁਸਤਕ ਜੇ ਸਫ਼ਲ ਰਹੀ ਤਾਂ ਇਸ ਦਾ ਸਿਹਰਾ ਉਹਨਾਂ ਲੋਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੁਸਤਕ ਸਿਰਜਣਾ ਵਿੱਚ ਹੱਥ ਵਟਾਇਆ। ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਵਿਸ਼ੇਸ਼ ਤੌਰ ’ਤੇ ਅੱਜ ਦੇ ਸਮਾਗਮ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਵੱਲੋਂ ਨਾਟਕ ਤੋਂ ਮਾਰਗ ਦਰਸ਼ਨ ਹਾਸਲ ਕਰਕੇ ਜਾਣਾ ਸਮਾਗਮ ਦੀ ਵਿਸ਼ੇਸ਼ ਉਪਲੱਬਧੀ ਹੈ। ਉਨ੍ਹਾਂ ਅਜਿਹੇ ਸਮਾਗਮ ਜਾਰੀ ਰੱਖਣ ਦਾ ਸਰੋਤਿਆਂ ਨੂੰ ਭਰੋਸਾ ਦਿੱਤਾ। ਸ਼ਹੀਦ ਮੁਨਸ਼ਾ ਸਿੰਘ ਜੌਹਲ ਦੇ ਪਿੰਡ ਤੋਂ ਬਿੱਕਰ ਸਿੰਘ, ਹਰਜਿੰਦਰ ਸਿੰਘ ਜੌਹਲ, ਕਾਲਾ ਸੰਘਿਆਂ ਕਾਲਜ ਤੋਂ ਡਾ. ਰਾਮ ਮੂਰਤੀ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਵਿਜੈ ਬੰਬੇਲੀ, ਹਰਵਿੰਦਰ ਭੰਡਾਲ, ਰਣਜੀਤ ਸਿੰਘ ਔਲਖ, ਕੁਲਬੀਰ ਸੰਘੇੜਾ, ਡਾ. ਸੈਲੇਸ਼, ਪ੍ਰੋ. ਗੋਪਾਲ ਬੁੱਟਰ ਤੋਂ ਇਲਾਵਾ ਸੁਮੀਤ ਅੰਮਿ੍ਰਤਸਰ, ਅਮਰਜੀਤ ਬਾਈ, ਤਲਵਿੰਦਰ ਹੀਰ, ਬੂਟਾ ਸਿੰਘ ਮਹਿਮੂਦਪੁਰ, ਗਿਆਨ ਸੈਦਪੁਰੀ, ਬਲਦੇਵ ਸਿੰਘ ਨੂਰਪੁਰੀ, ਹੰਸ ਰਾਜ ਪੱਬਵਾਂ ਵੀ ਹਾਜ਼ਰ ਸਨ। ਡਾ. ਸਾਹਿਬ ਸਿੰਘ ਦੇ ਨਾਟਕ ‘ਲੱਛੂ ਕਬਾੜੀਆ’ ਨੇ ਆਰਥਿਕ, ਸਮਾਜਿਕ, ਜਾਤ-ਪਾਤੀ ਪਾੜੇ, ਵਿਤਕਰੇ ਅਤੇ ਦਾਬੇ ਦਾ ਦਰਦ ਹੰਢਾਉਂਦੇ ਅਤੇ ਉਹਨਾਂ ਦੇ ਮਨਾਂ ਅੰਦਰ ਉਠਦੇ ਬਗ਼ਾਵਤੀ ਜਵਾਰ ਭਾਟਿਆਂ ਦੀ ਮਾਰਮਿਕ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੇ ਮਨ ਦੀ ਸਲੇਟ ’ਤੇ ‘ਲੱਛੂ ਕਬਾੜੀਆ’ ਅਮਿੱਟ ਛਾਪ ਛੱਡ ਗਿਆ।