ਨਵੀਂ ਦਿੱਲੀ : ਲੋਕ ਸਭਾ ਮੈਂਬਰੀ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਕਾਂਗਰਸ ਦੇ ਮੁੱਖ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ’ਤੇ ਨਿਸ਼ਾਨਾ ਲਾਇਆ। ਉਨ੍ਹਾ ਦੋਸ਼ ਲਾਇਆ ਕਿ ਸਪੀਕਰ ਨੇ ਉਨ੍ਹਾ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਦੋ ਵਾਰ ਚਿੱਠੀ, ਤੀਜੀ ਵਾਰ ਮਿਲੇ ਵੀ ਤਾਂ ਉਹ ਕਹਿੰਦੇ ਕੁਝ ਨਹੀਂ ਕਰ ਸਕਦੇ। ਮੋਦੀ ਉਪ ਨਾਂਅ ’ਤੇ ਮੁਆਫ਼ੀ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ’ਚ ਰਾਹੁਲ ਨੇ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ। ਸਾਵਰਕਰ ਨਹੀਂ ਗਾਂਧੀ ਹਾਂ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾ ਕਿਹਾ ਕਿ ਉਨ੍ਹਾ ਸੰਸਦ ’ਚ ਅਡਾਨੀ ਦੇ ਸੰਬੰਧ ’ਚ ਕੇਵਲ ਇੱਕ ਪ੍ਰਸ਼ਨ ਪੁੱਛਿਆ ਸੀ, ‘ਅਡਾਨੀ ਦਾ ਮੁੱਖ ਕੰਮ ਵਪਾਰ ਹੈ, ਪਰ ਪੈਸਾ ਉਸ ਦਾ ਨਹੀਂ, ਮੈਂ ਕੇਵਲ ਇਹ ਜਾਨਣਾ ਚਾਹੁੰਦਾ ਸੀ ਕਿ ਇਹ 20,000 ਕਰੋੜ ਰੁਪਏ ਕਿਸ ਦੇ ਹਨ।’ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਡਾਨੀ ਵਿਚਾਲੇ ਸੰਬੰਧ ਨਵੇਂ ਨਹੀਂ ਹਨ, ਇਹ ਉਦੋਂ ਤੋਂ ਸ਼ੁਰੂ ਹੋਏ, ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਮੈਂ ਹਵਾਈ ਜਹਾਜ਼ ’ਤੇ ਬੈਠੇ ਨਰੇਂਦਰ ਮੋਦੀ ਦੀ ਫੋਟੋ ਦਿਖਾਈ, ਪਰ ਮੇਰਾ ਭਾਸ਼ਣ ਹਟਾ ਦਿੱਤਾ ਗਿਆ।
ਪੱਤਰਕਾਰਾਂ ਨੇ ਰਾਹੁਲ ਗਾਂਧੀ ਤੋਂ ਮੋਦੀ ਉਪ ਨਾਂਅ ਨੂੰ ਲੈ ਕੇ ਸਵਾਲ ਪੁੱਛਿਆ ਕਿ ਉਨ੍ਹਾ ਇਸ ਬਿਆਨ ਨੂੰ ਲੈ ਕੇ ਮੁਆਫ਼ੀ ਕਿਉਂ ਨਹੀਂ ਮੰਗੀ। ਇਸ ’ਤੇ ਰਾਹੁਲ ਨੇ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਸਾਵਰਕਰ ਨਹੀਂ, ਗਾਂਧੀ ਹਾਂ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਸਦਨ ਦੇ ਅੰਦਰ ਹਾਂ ਜਾਂ ਬਾਹਰ। ਮੈਂ ਆਪਣੀ ਆਵਾਜ਼ ਲਗਾਤਾਰ ਉਠਾਉਂਦਾ ਰਹਾਂਗਾ। ਮੈਂ ਪਹਿਲਾਂ ਵੀ ਕਈ ਵਾਰ ਆਖਿਆ ਹੈ ਕਿ ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ। ਅਸੀਂ ਹਰ ਰੋਜ਼ ਇਸ ਦੀਆਂ ਮਿਸਾਲਾਂ ਦੇਖ ਰਹੇ ਹਾਂ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਭਾਸ਼ਣ ਤੋਂ ਡਰ ਗਏ। ਮੈਂ ਆਪਣੇ ਅਗਲੇ ਭਾਸ਼ਣ ’ਚ ਗੌਤਮ ਅਡਾਨੀ ’ਤੇ ਬਿਆਨ ਦੇਣ ਵਾਲਾ ਸੀ, ਪਰ ਮੈਨੂੰ ਬੋਲਣ ਨਹੀਂ ਦਿੱਤਾ ਗਿਆ। ਰਾਹੁਲ ਨੇ ਕਿਹਾ, ‘ਮੈਂ ਉਨ੍ਹਾ ਦੀਆਂ ਅੱਖਾਂ ’ਚ ਡਰ ਦੇਖਿਆ।’ ਮੈਂ ਇੱਥੇ ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ਦੀ ਰੱਖਿਆ ਲਈ ਹਾਂ। ਮੈਂ ਉਨ੍ਹਾ ਤੋਂ ਡਰਦਾ ਨਹੀਂ, ਇਹ ਮੇਰੇ ਇਤਿਹਾਸ ’ਚ ਨਹੀਂ ਹੈ। ਮੈਂ ਪੁੱਛਦਾ ਰਹਾਂਗਾ ਕਿ ਅਡਾਨੀ ਅਤੇ ਨਰੇਂਦਰ ਮੋਦੀ ਵਿਚਾਲੇ ਕੀ ਸੰਬੰਧ ਹਨ। ਉਹਨਾ ਨੂੰ ਸਮਰਥਨ ਦੇਣ ਵਾਲੇ ਸਾਰੇ ਵਿਰੋਧੀ ਦਲਾਂ ਦਾ ਧੰਨਵਾਦ ਦਿੰਦੇ ਹੋਏ ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਘਬਰਾਹਟ ਦੱਸਦੀ ਹੈ ਕਿ ਵਿਰੋਧੀ ਇਕਜੁੱਟ ਹਨ। ਇਸ ਨਾਲ ਵਿਰੋਧੀਆਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਵੇਗਾ। ਉਨ੍ਹਾ ਕਿਹਾ ਮੈਂ ਕਿਸੇ ਜਾਤ, ਧਰਮ ਦਾ ਅਪਮਾਨ ਨਹੀਂ ਕੀਤਾ। ਇਹ ਸਭ ਦੇਸ਼ ਦੀ ਜਨਤਾ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ।