ਨਵੀਂ ਦਿੱਲੀ : ਭਾਰਤ ਨੇ ਕੈਨੇਡਾ ‘ਚ ਖਾਲਿਸਤਾਨ ਪੱਖੀ ਕਾਰਕੁਨਾਂ ਵੱਲੋਂ ਭਾਰਤੀ ਅਧਿਕਾਰੀਆਂ ਖਿਲਾਫ ਰੋਸ ਜ਼ਾਹਰ ਕਰਨ ‘ਤੇ ਕੈਨੇਡਾ ਕੋਲ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ | ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਤਾਂ ਕਿ ਕੈਨੇਡਾ ‘ਚ ਭਾਰਤ ਦੇ ਕੂਟਨੀਤਕ ਮਿਸ਼ਨ ਅਤੇ ਕੌਂਸਲਖਾਨਿਆਂ ਵਿਰੁੱਧ ਕੱਟੜਪੰਥੀ ਤੱਤਾਂ ਦੀਆਂ ਕਾਰਵਾਈਆਂ ਬਾਰੇ ਸਖਤ ਚਿੰਤਾ ਜ਼ਾਹਰ ਕੀਤੀ ਜਾ ਸਕੇ | ਸਰਕਾਰ ਨੇ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਕਿ ਅਜਿਹੇ ਤੱਤਾਂ ਨੂੰ ਪੁਲਸ ਦੀ ਮੌਜੂਦਗੀ ‘ਚ ਭਾਰਤੀ ਕੂਟਨੀਤਕ ਮਿਸ਼ਨ ਅਤੇ ਕੌਂਸਲਖਾਨਿਆਂ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਗਈ |
ਕੈਨੇਡਾ ‘ਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੂੰ ਸਰੀ, ਬਿ੍ਟਿਸ਼ ਕੋਲੰਬੀਆ ‘ਚ ਇਕ ਸਮਾਗਮ ‘ਚ ਆਪਣੀ ਹਾਜ਼ਰੀ ਰੱਦ ਕਰਨੀ ਪਈ, ਕਿਉਂਕਿ ਦੋ ਸੌ ਦੇ ਕਰੀਬ ਕੱਟੜਪੰਥੀ ਅੰਮਿ੍ਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਤਲਵਾਰਾਂ ਤੇ ਡੰਡਿਆਂ ਨਾਲ ਸਮਾਗਮ ਵਾਲੀ ਥਾਂ ਦੇ ਸਾਹਮਣੇ ਇਕੱਠੇ ਹੋ ਗਏ | ਇਸ ਤੋਂ ਇਲਾਵਾ ਅਜਿਹੀਆਂ ਹੀ ਕਈ ਹੋਰ ਘਟਨਾਵਾਂ ਵਾਪਰੀਆਂ ਹਨ | ਉਧਰ, ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ‘ਚ ਭਾਰਤੀ ਦੂਤਾਵਾਸ ਬਾਹਰ ਖਾਲਿਸਤਾਨ ਪੱਖੀਆਂ ਨੇ ਪ੍ਰਦਰਸਨ ਕੀਤਾ | ਉਨ੍ਹਾਂ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਧਮਕੀ ਦਿੱਤੀ | ਖਾਲਿਸਤਾਨੀ ਸਮਰਥਕਾਂ ਨੇ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਤਿਰੰਗਾ ਉਤਾਰ ਕੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਵੀ ਧਮਕੀ ਦਿੱਤੀ ਹੈ | ਇਹ ਧਮਕੀ ਇਕ ਆਡੀਓ ਸੰਦੇਸ਼ ਰਾਹੀਂ ਦਿੱਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਪ੍ਰਗਤੀ ਮੈਦਾਨ ‘ਤੇ ਕਬਜ਼ਾ ਕਰ ਲੈਣਗੇ ਅਤੇ ਭਾਰਤੀ ਝੰਡੇ ਨੂੰ ਲਾਹ ਦੇਣਗੇ | ਇਸ ਆਡੀਓ ਸੰਦੇਸ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ |