ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਤਮ ਕਰਨ ਖਿਲਾਫ ਕਾਂਗਰਸ ਨੇ ਦੇਸ਼-ਭਰ ’ਚ ਸੰਕਲਪ ਸਤਿਆਗ੍ਰਹਿ ਕੀਤਾ। ਰਾਜਘਾਟ ’ਤੇ ਸਤਿਆਗ੍ਰਹਿ ਦੌਰਾਨ ਸੰਬੋਧਨ ਕਰਦਿਆਂ ਪਿ੍ਰਅੰਕਾ ਗਾਂਧੀ ਨੇ ਕਿਹਾਅੱਜ ਤੱਕ ਅਸੀਂ ਚੁੱਪ ਰਹੇ ਤੇ ਤੁਸੀਂ ਸਾਡੇ ਪਰਵਾਰ ਦਾ ਅਪਮਾਨ ਕਰਦੇ ਗਏ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਕ ਆਦਮੀ ਦਾ ਕਿੰਨਾ ਅਪਮਾਨ ਕਰੋਗੇ। ਮੇਰੇ ’ਤੇ ਕੇਸ ਕਰ ਦਿਓ, ਪਰ ਸੱਚ ਇਹੀ ਹੈ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬੁਜ਼ਦਿਲ ਹੈ।
ਪਿ੍ਰਅੰਕਾ ਨੇ ਅੱਗੇ ਕਿਹਾਮੇਰੇ ਪਿਤਾ ਦਾ ਸੰਸਦ ਵਿਚ ਅਪਮਾਨ ਕੀਤਾ ਗਿਆ। ਇਹ ਲੋਕ ਸ਼ਹੀਦ ਦੇ ਬੇਟੇ ਨੂੰ ਦੇਸ਼ਧ੍ਰੋਹੀ ਕਹਿੰਦੇ ਹਨ, ਮੀਰ ਜਾਫਰ ਕਹਿੰਦੇ ਹਨ। ਇਕ ਮੁੱਖ ਮੰਤਰੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਰਾਹੁਲ ਗਾਂਧੀ ਨੂੰ ਪਤਾ ਹੀ ਨਹੀਂ ਉਨ੍ਹਾ ਦਾ ਪਿਤਾ ਕੌਣ ਹੈ। ਤੁਹਾਡੇ ਪ੍ਰਧਾਨ ਮੰਤਰੀ ਭਰੀ ਸੰਸਦ ’ਚ ਕਹਿੰਦੇ ਹਨ ਕਿ ਸਾਡਾ ਪਰਵਾਰ ਨਹਿਰੂ ਨਾਂਅ ਦਾ ਇਸਤੇਮਾਲ ਕਿਉ ਨਹੀਂ ਕਰਦਾ। ਇਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ, ਨਾ ਸੰਸਦ ਤੋਂ ਬਾਹਰ ਕੱਢਿਆ ਜਾਂਦਾ ਹੈ। ਜਿਸ ਵਿਅਕਤੀ ਨੇ ਰਾਹੁਲ ਗਾਂਧੀ ਖਿਲਾਫ ਸੂਰਤ ’ਚ ਸ਼ਿਕਾਇਤ ਦਰਜ ਕਰਾਈ ਸੀ, ਉਹ ਕੋਰਟ ’ਚ ਗਿਆ ਅਤੇ ਇਕ ਸਾਲ ਲਈ ਆਪਣੇ ਹੀ ਮਾਮਲੇ ’ਤੇ ਰੋਕ ਲਾਉਣ ਨੂੰ ਕਿਹਾ, ਪਰ ਰਾਹੁਲ ਗਾਂਧੀ ਵੱਲੋਂ ਅਡਾਨੀ ’ਤੇ ਸੰਸਦ ਵਿਚ ਭਾਸ਼ਣ ਦੇਣ ਦੇ ਬਾਅਦ ਮਾਮਲੇ ਨੂੰ ਫਿਰ ਖੁਲ੍ਹਵਾ ਲਿਆ। ਇਕ ਮਹੀਨੇ ਦੇ ਵਿਚ-ਵਿਚ ਸੁਣਵਾਈ ਹੋਈ ਤੇ ਰਾਹੁਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਪਿ੍ਰਅੰਕਾ ਨੇ ਕਿਹਾਮੇਰਾ ਭਰਾ ਪੀ ਐੱਮ ਕੋਲ ਗਿਆ, ਉਨ੍ਹਾ ਨੂੰ ਗਲੇ ਲਾਇਆ ਤੇ ਕਿਹਾ ਕਿ ਮੈਨੂੰ ਤੁਹਾਡੇ ਨਾਲ ਨਫਰਤ ਨਹੀਂ ਹੈ। ਸਾਡੀ ਵਿਚਾਰਧਾਰਾ ਵੱਖਰੀ ਹੈ, ਪਰ ਸਾਡੇ ਕੋਲ ਨਫਰਤ ਦੀ ਵਿਚਾਰਧਾਰਾ ਨਹੀਂ ਹੈ। ਕੀ ਭਗਵਾਨ ਰਾਮ ਤੇ ਪਾਂਡਵ ਪਰਵਾਰਵਾਦੀ ਸਨ। ਸਾਡਾ ਪਰਵਾਰ ਦੇਸ ਲਈ ਸ਼ਹੀਦ ਹੋਇਆ ਤਾਂ ਕੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਦੇਸ਼ ਦੀ ਬਹੁਤ ਪੁਰਾਣੀ ਪਰੰਪਰਾ ਹੈ, ਹਿੰਦੂ ਧਰਮ ਦੀ ਪਰੰਪਰਾ ਹੈ ਕਿ ਹੰਕਾਰੀ ਰਾਜੇ ਨੂੰ ਲੋਕ ਜਵਾਬ ਦਿੰਦੇ ਹਨ। ਹੰਕਾਰੀ ਰਾਜਾ ਨੂੰ ਇਹ ਦੇਸ਼ ਪਛਾਣਦਾ ਹੈ। ਮੇਰੇ ਪਰਵਾਰ ਨੇ ਮੈਨੂੰ ਇਕ ਚੀਜ਼ ਸਿਖਾਈ ਹੈ ਕਿ ਦੇਸ਼ ਦਿਲ ਤੋਂ ਬੋਲਦਾ ਤੇ ਸੁਣਦਾ ਹੈ। ਇਹ ਦੇਸ਼ ਸੱਚਾਈ ਨੂੰ ਪਛਾਣਦਾ ਹੈ। ਮੈਂ ਜਾਣਦੀ ਹਾਂ ਕਿ ਅੱਜ ਉਹ ਦਿਨ ਹੈ, ਜਦ ਤੋਂ ਸਾਰਾ ਕੁਝ ਬਦਲਣ ਲੱਗੇਗਾ। ਤੁਸੀਂ ਸਾਨੂੰ ਅਪਮਾਨਤ ਕਰਕੇ ਇਹ ਸੋਚਦੇ ਹੋ ਕਿ ਅਸੀਂ ਡਰ ਜਾਵਾਂਗੇ। ਅਸੀਂ ਹੋਰ ਮਜ਼ਬੂਤੀ ਨਾਲ ਲੜਾਂਗੇ। ਅਸੀਂ ਅੱਜ ਵੀ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਹਾਂ। ਦੇਸ਼ ਦੇ ਲੋਕਾਂ ਨੂੰ ਦਿਸ ਰਿਹਾ ਹੈ ਕਿ ਉਨ੍ਹਾਂ ਦੀ ਸਾਰੀ ਸੰਪਤੀ ਲੁੱਟੀ ਜਾ ਰਹੀ ਹੈ। ਤਾਨਾਸ਼ਾਹ ਸਵਾਲ ਉਠਾਉਣ ਵਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਅਡਾਨੀ ਵਿਚ ਕੀ ਹੈ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਾਨੂੰ ਸੋਚਣਾ ਪੈਣਾ।
ਉਨ੍ਹਾ ਕਿਹਾਰਾਹੁਲ ਗਾਂਧੀ ਨੇ ਦੁਨੀਆ ਦੇ ਦੋ ਸਭ ਤੋਂ ਵਕਾਰੀ ਅਦਾਰਿਆਂ ਹਾਰਵਰਡ ਤੇ ਕੈਂਬਿ੍ਰਜ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਤੇ ਉਹ ਉਨ੍ਹਾ ਨੂੰ ਪੱਪੂ ਕਹਿਣ ਲੱਗੇ, ਪਰ ਬਾਅਦ ’ਚ ਪਤਾ ਲੱਗਾ ਕਿ ਉਹ ਤਾਂ ਪੱਪੂ ਹੈ ਹੀ ਨਹੀਂ, ਉਹ ਤਾਂ ਇਮਾਨਦਾਰ ਹੈ ਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਸਮਝਦਾ ਹੈ। ਇਕ ਆਦਮੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਉ ਤੁਰਿਆ। ਉਸ ’ਚ ਸਮਤਾ ਦੀ, ਏਕਤਾ ਦੀ ਭਾਵਨਾ ਸੀ। ਅੱਜ ਮੀਡੀਆ, ਮੰਤਰੀ ਤੇ ਸਾਂਸਦ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਨੇ ਵਿਦੇਸ਼ ਜਾ ਕੇ ਦੇਸ਼ ਦਾ ਅਪਮਾਨ ਕੀਤਾ। ਜਿਹੜਾ ਆਦਮੀ ਲੋਕਾਂ ਦੀ ਆਵਾਜ਼ ਉਠਾ ਰਿਹਾ ਹੈ, ਕੀ ਉਹ ਦੇਸ਼ ਦਾ ਅਪਮਾਨ ਕਰ ਸਕਦਾ ਹੈ? ਉਹ ਗਰੀਬਾਂ ਤੇ ਬੇਰੁਜ਼ਗਾਰਾਂ ਦਾ ਹੱਕ ਮੰਗ ਰਿਹਾ ਹੈ। ਉਨ੍ਹਾਂ ਦੇ ਹੱਕ ਦੀ ਲੜਾਈ ਲੜ ਰਿਹਾ ਹੈ।
ਪਿ੍ਰਅੰਕਾ ਨੇ ਭਰਾ ਦੀ ਹਮਾਇਤ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਧੰਨਵਾਦ ਕਰਦਿਆਂ ਕਿਹਾਸਾਨੂੰ ਸਭ ਨੂੰ ਇਕੱਠੇ ਹੋਣਾ ਪਵੇਗਾ, ਕਿਉਕਿ ਦੇਸ਼ ਖਤਰੇ ’ਚ ਹੈ। ਦੇਸ਼ ਦੀ ਦੌਲਤ ਇਕ ਵਿਅਕਤੀ ਲੁੱਟ ਰਿਹਾ ਹੈ ਤੇ ਸਮੁੱਚੀ ਸਰਕਾਰ ਉਸ ਨੂੰ ਬਚਾਅ ਰਹੀ ਹੈ।
ਸ਼ਸ਼ੀ ਥਰੂਰ ਨੇ ਕਿਹਾਇਹ ਸਤਿਆਗ੍ਰਹਿ ਸਿਰਫ ਕਾਂਗਰਸ ਜਾਂ ਰਾਹੁਲ ਗਾਂਧੀ ਲਈ ਨਹੀਂ, ਸਗੋਂ ਭਾਰਤੀ ਜਮਹੂਰੀਅਤ ਲਈ ਹੈ। ਸਾਡੀ ਜਮਹੂਰੀਅਤ, ਜਿਸ ਨੂੰ ਪ੍ਰਧਾਨ ਮੰਤਰੀ ਦੁਨੀਆ ਵਿਚ ਜਮਹੂਰੀਅਤ ਦੀ ਮਾਂ ਕਹਿੰਦੇ ਹਨ, ’ਚ ਪ੍ਰਮੁੱਖ ਅਪੋਜ਼ੀਸ਼ਨ ਆਗੂ ਨੂੰ ਸੰਸਦ ’ਚ ਆਪਣੀ ਆਵਾਜ਼ ਨਹੀਂ ਉਠਾਉਣ ਦਿੱਤੀ ਜਾਂਦੀ। ਕੀ ਇਹ ਸਾਡੇ ਦੇਸ਼ ਲਈ ਚੰਗਾ ਹੈ?
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਸਤਿਆਗ੍ਰਹਿ ਸਿਰਫ ਅੱਜ ਲਈ ਹੈ, ਪਰ ਅਜਿਹੇ ਸਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ ਲਈ ਲੜ ਰਹੇ ਹਨ। ਮੋਦੀ ਸਰਨੇਮ ਵਾਲਾ ਬਿਆਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਦਿੱਤਾ ਸੀ, ਪਰ ਕੇਸ ਗੁਜਰਾਤ ਵਿਚ ਤਬਦੀਲ ਕਰ ਦਿੱਤਾ ਗਿਆ। ਭਾਜਪਾ ਕੋਲ ਕਰਨਾਟਕ ’ਚ ਮਾਣਹਾਨੀ ਦਾ ਮਾਮਲਾ ਦਰਜ ਕਰਨ ਦੀ ਤਾਕਤ ਨਹੀਂ ਸੀ। ਖੜਗੇ ਨੇ ਭਾਜਪਾ ਨੂੰ ਇਸ ਲਈ ਲੰਮੇ ਹੱਥੀਂ ਲਿਆ ਕਿ ਰਾਹੁਲ ਨੇ ਭਿ੍ਰਸ਼ਟਾਚਾਰੀਆਂ ਲਈ ਮੋਦੀ ਸਰਨੇਮ ਦਾ ਜ਼ਿਕਰ ਕਰਦਿਆਂ ਹੋਰਨਾਂ ਪੱਛੜੀਆਂ ਜਾਤਾਂ (ਓ ਬੀ ਸੀ) ਦਾ ਅਪਮਾਨ ਕੀਤਾ। ਉਨ੍ਹਾ ਕਿਹਾ ਕਿ ਹੁਕਮਰਾਨ ਪਾਰਟੀ ਨੂੰ ਨੀਰਵ ਮੋਦੀ ਤੇ ਲਲਿਤ ਮੋਦੀ ਵਰਗੇ ਭਗੌੜਿਆਂ ਦੀ ਅਲੋਚਨਾ ਕਰਨ ’ਤੇ ਦੁੱਖ ਕਿਉ ਹੋ ਰਿਹਾ। ਉਨ੍ਹਾ ਕਿਹਾਉਹ (ਭਾਜਪਾ ਆਗੂ) ਅੱਜ ਓ ਬੀ ਸੀ ਦੀ ਗੱਲ ਕਰ ਰਹੇ ਹਨ, ਕੀ ਲਲਿਤ ਮੋਦੀ ਓ ਬੀ ਸੀ ਹੈ, ਨੀਰਵ ਮੋਦੀ ਓ ਬੀ ਸੀ ਹੈ, ਮੇਹੁਲ ਚੋਕਸੀ ਓ ਬੀ ਸੀ ਹੈ? ਉਹ ਲੋਕਾਂ ਦਾ ਧਨ ਲੈ ਕੇ ਭੱਜ ਗਏ। ਜੇ ਉਹ ਭਗੌੜੇ ਹਨ ਤਾਂ ਉਨ੍ਹਾਂ ਦੀ ਅਲੋਚਨਾ ਕਰਨ ’ਤੇ ਤੁਹਾਨੂੰ ਪੀੜ ਕਿਉ ਹੋ ਰਹੀ ਹੈ? ਤੁਸੀਂ ਉਸ ਵਿਅਕਤੀ ਨੂੰ ਸਜ਼ਾ ਦਿੰਦੇ ਹੋ, ਜਿਹੜਾ ਦੇਸ਼ ਨੂੰ ਬਚਾਉਣ ਲਈ ਕੰਮ ਕਰਦਾ ਹੈ ਤੇ ਉਨ੍ਹਾਂ ਨੂੰ ਬਾਹਰ ਭੇਜਦੇ ਹੋ, ਜਿਹੜੇ ਦੇਸ਼ ਨੂੰ ਲੁੱਟਦੇ ਹਨ।