ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਨਵਾਂਸ਼ਹਿਰ ਵਿਖੇ ਤਾਇਨਾਤ ਪਟਵਾਰੀ ਪ੍ਰੇਮ ਕੁਮਾਰ ਨੂੰ 24,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਕਰਨਾਣਾ, ਤਹਿਸੀਲ ਬੰਗਾ ਨੇ ਦੋਸ਼ ਲਗਾਇਆ ਸੀ ਕਿ ਪਟਵਾਰੀ ਨੇ ਉਸ ਦੇ ਪਿਤਾ ਅਤੇ ਉਸ ਦੇ ਚਾਚੇ ਦੀ ਜ਼ਮੀਨ ਦਾ ਇੰਤਕਾਲ ਦਰਜ ਕਰਨ ਬਦਲੇ ਕਿਸ਼ਤਾਂ ’ਚ 24,000 ਰੁਪਏ ਰਿਸ਼ਵਤ ਵਜੋਂ ਲਏ ਹਨ। ਜਲੰਧਰ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਮੰਗਣ ਤੇ ਲੈਣ ਦਾ ਦੋਸ਼ੀ ਪਾਏ ਜਾਣ ਉਪਰੰਤ ਪਟਵਾਰੀ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਵਿਖੇ ਭਿ੍ਰਸ਼ਟਾਚਾਰ ਸੰਬੰਧੀ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।