ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਵਾਸ਼ਿੰਗਟਨ ’ਚ ਭਾਰਤੀ ਦੂਤਘਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਖਾਲਿਸਤਾਨੀ ਸਮਰਥਕਾਂ ਖਿਲਾਫ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾ ਕੇਸ ਦਰਜ ਕਰਕੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਵੀ ਰੱਦ ਕੀਤੇ ਜਾਣ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਵਾਸ਼ਿੰਗਟਨ ’ਚ ਭਾਰਤੀ ਦੂਤਾਵਾਸ ਦੇ ਸਟਾਫ ਨੂੰ ਧਮਕੀਆਂ ਦਿੱਤੀਆਂ ਅਤੇ ਬਦਸਲੂਕੀ ਕੀਤੀ। ਉਨ੍ਹਾਂ ਭਾਰਤੀ ਦੂਤਾਵਾਸ ਦੀ ਭੰਨਤੋੜ ਵੀ ਕੀਤੀ। ਅੰਮਿ੍ਰਤਪਾਲ ਸਿੰਘ ਦੇ ਸਮਰਥਨ ਵਿਚ ਖਾਲਿਸਤਾਨ ਸਮਰਥਕਾਂ ਨੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਪ੍ਰਦਰਸ਼ਨ ਕੀਤਾ। ਉਨ੍ਹਾਂ ਰਿਚਮੰਡ ਹਿੱਲ ਇਲਾਕੇ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਕਾਰ ਰੈਲੀ ਕੱਢੀ, ਜੋ ਭਾਰੀ ਸੁਰੱਖਿਆ ਹੇਠ ਐਤਵਾਰ ਦੁਪਹਿਰ ਨੂੰ ਡਾਊਨਟਾਊਨ ਮੈਨਹਟਨ ਦੇ ਮਸ਼ਹੂਰ ਟਾਈਮਜ਼ ਸਕੁਏਅਰ ’ਤੇ ਸਮਾਪਤ ਹੋਈ। ਕਾਰਾਂ ’ਤੇ ਖਾਲਿਸਤਾਨੀ ਝੰਡੇ ਲੱਗੇ ਸਨ ਅਤੇ ਉੱਚੀ ਆਵਾਜ਼ ’ਚ ਸੰਗੀਤ ਅਤੇ ਹਾਰਨ ਵਜਾਏ ਜਾ ਰਹੇ ਸਨ। ‘ਐੱਲ ਈ ਡੀ ਮੋਬਾਇਲ ਬਿਲਬੋਰਡ’ ਟਰੱਕਾਂ ’ਤੇ ਅੰਮਿ੍ਰਤਪਾਲ ਸਿੰਘ ਦੀਆਂ ਤਸਵੀਰਾਂ ਸਨ। ਉਨ੍ਹਾਂ ਦੇ ਹੱਥਾਂ ’ਚ ਖਾਲਿਸਤਾਨ ਦੇ ਝੰਡੇ ਸਨ ਅਤੇ ਉਹ ਨਾਅਰੇ ਲਗਾ ਰਹੇ ਸਨ।