ਕਠਮੰਡੂ : ਭਾਰਤ ਦਾ ਵਿਸ਼ਵਾਸ ਹੈ ਕਿ ਅੰਮਿ੍ਰਤਪਾਲ ਨੇਪਾਲ ਵਿਚ ਲੁਕਿਆ ਹੋਇਆ ਹੈ ਤੇ ਉਸ ਨੇ ਨੇਪਾਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਨੂੰ ਭਾਰਤੀ ਜਾਂ ਜਾਲ੍ਹੀ ਪਾਸਪੋਰਟ ਨਾਲ ਕਿਸੇ ਤੀਜੇ ਦੇਸ਼ ’ਚ ਨਾ ਭੱਜਣ ਦੇਵੇ ਤੇ ਉਸ ਨੂੰ ਗਿ੍ਰਫਤਾਰ ਕਰ ਲਵੇ। ਭਾਰਤੀ ਦੂਤਘਰ ਨੇ ਸ਼ਨੀਵਾਰ ਨੇਪਾਲ ਦੇ ਕੌਂਸਲਰ ਸੇਵਾਵਾਂ ਵਿਭਾਗ ਨੂੰ ਭੇਜੇ ਪੱਤਰ ’ਚ ਕਿਹਾ ਹੈ ਕਿ ਅੰਮਿ੍ਰਤਪਾਲ ਨੇਪਾਲ ’ਚ ਲੁਕਿਆ ਹੋਇਆ ਹੈ। ਇਹ ਖਬਰ ਕਠਮੰਡੂ ਪੋਸਟ ਅਖਬਾਰ ਨੇ ਦੂਤਘਰ ਦੇ ਪੱਤਰ ਦੀ ਕਾਪੀ ਦਾ ਹਵਾਲਾ ਦੇ ਕੇ ਛਾਪੀ ਹੈ। ਦੱਸਿਆ ਜਾਂਦਾ ਹੈ ਕਿ ਅੰਮਿ੍ਰਤਪਾਲ ਕੋਲ ਵੱਖ-ਵੱਖ ਪਛਾਣਾਂ ਵਾਲੇ ਕਈ ਪਾਸਪੋਰਟ ਹਨ। ਇਸੇ ਦੌਰਾਨ ਅੰਮਿ੍ਰਤਸਰ ਦਿਹਾਤੀ ਪੁਲਸ ਨੇ ਅੰਮਿ੍ਰਤਪਾਲ ਸਿੰਘ ਦੇ ਇੱਕ ਹੋਰ ਸਾਥੀ ਵਰਿੰਦਰ ਸਿੰਘ ਉਰਫ ਫੌਜੀ ਵਾਸੀ ਤਰਨ ਤਾਰਨ ਨੂੰ ਗਿ੍ਰਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਥਲ ਸੈਨਾ ’ਚੋਂ ਰਿਟਾਇਰ ਵਰਿੰਦਰ ਅੰਮਿ੍ਰਤਪਾਲ ਦਾ ਅੰਗ ਰੱਖਿਅਕ ਸੀ। ਉਸ ਕੋਲ ਜੰਮੂ-ਕਸ਼ਮੀਰ ਤੋਂ ਜਾਰੀ ਹਥਿਆਰਾਂ ਦਾ ਲਾਇਸੈਂਸ ਸੀ, ਜੋ 23 ਫਰਵਰੀ ਨੂੰ ਅਜਨਾਲਾ ਝੜਪ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉਹ ਉਨ੍ਹਾਂ 10 ਬੰਦੂਕਧਾਰੀਆਂ ’ਚ ਸ਼ਾਮਲ ਸੀ, ਜੋ ਹਰ ਸਮੇਂ ਅੰਮਿ੍ਰਤਪਾਲ ਦੇ ਨਾਲ ਰਹਿੰਦੇ ਸਨ।