ਤੇਲ ਅਵੀਵ : ਨਿਆਂ ਪਾਲਿਕਾ ਨੂੰ ਬਾਂਦੀ ਬਣਾਉਣ ਲਈ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਿਆਂ ਪਾਲਿਕਾ ਸੁਧਾਰ ਬਿੱਲ ਖਿਲਾਫ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ’ਚ ਅਚਾਨਕ ਤੇਜ਼ੀ ਆ ਗਈ, ਜਦੋਂ ਪੂਰਾ ਇਸਰਾਈਲ ਸੜਕਾਂ ’ਤੇ ਆ ਗਿਆ। ਟੀਚਰ ਤੇ ਡਾਕਟਰ ਵੀ ਕੰਮ ਛੱਡ ਕੇ ਪ੍ਰਦਰਸ਼ਨਾਂ ’ਚ ਸ਼ਾਮਲ ਹੋ ਗਏ। ਤੇਲ ਅਵੀਵ ਹਵਾਈ ਅੱਡੇ ਦੇ ਸਾਰੇ ਮੁਲਾਜ਼ਮ ਵੀ ਹੜਤਾਲ ’ਤੇ ਚਲੇ ਗਏ ਹਨ। ਨਤੀਜੇ ਵਜੋਂ ਉਡਾਣਾਂ ਰੋਕਣੀਆਂ ਪਈਆਂ ਹਨ।
ਨੇਤਨਯਾਹੂ ਵੱਲੋਂ ਰੱਖਿਆ ਮੰਤਰੀ ਯੋਆਵ ਗੈਲੈਂਟ ਨੂੰ ਬਰਖਾਸਤ ਕਰਨ ਤੋਂ ਬਾਅਦ ਲੋਕਾਂ ’ਚ ਗੁੱਸਾ ਵਧ ਗਿਆ ਹੈ। ਯੋਆਵ ਨੇ ਸ਼ਨੀਵਾਰ ਟੀ ਵੀ ਪ੍ਰੋਗਰਾਮ ’ਚ ਕਿਹਾ ਸੀ ਕਿ ਦੇਸ਼ ਦੀ ਨਿਆਂ ਪਾਲਿਕਾ ਨੂੰ ਕਮਜ਼ੋਰ ਕਰਨ ਲਈ ਜਿਹੜਾ ਬਿੱਲ ਲਿਆਂਦਾ ਗਿਆ ਹੈ, ਉਸ ਨਾਲ ਫੌਜ ’ਚ ਵੀ ਫੁਟ ਪੈ ਰਹੀ ਹੈ। ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ। ਸਰਕਾਰ ਨੂੰ ਆਪੋਜ਼ੀਸ਼ਨ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਐਤਵਾਰ ਲੱਖਾਂ ਲੋਕ ਸੜਕਾਂ ’ਤੇ ਉਤਰੇ ਤੇ ਨੇਤਨਯਾਹੂ ਤੋਂ ਬਿੱਲ ਵਾਪਸ ਲੈਣ ਦੀ ਮੰਗ ਕੀਤੀ। ਲੋਕਾਂ ਨੇ ਰਾਜਧਾਨੀ ਤੇਲ ਅਵੀਵ ਦੇ ਮੇਨ ਹਾਈਵੇ ਨੂੰ ਬਲਾਕ ਕਰ ਦਿੱਤਾ। ਨੇਤਨਯਾਹੂ ਦੇ ਨਿੱਜੀ ਘਰ ਦੇ ਬਾਹਰ ਵੀ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਪੁਲਸ ਨਾਲ ਝੜਪ ਵੀ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਥਾਲੀਆਂ ਖੜਕਾਈਆਂ ਤੇ ਹਾਈਵੇ ’ਤੇ ਅੱਗਾਂ ਲਾਈਆਂ।
ਇਕ ਪ੍ਰਦਰਸ਼ਨਕਾਰੀ ਨੇ ਬੀ ਬੀ ਸੀ ਨੂੰ ਦੱਸਿਆ ਕਿ ਨੇਤਨਯਾਹੂ ਨੇ ਲੋਕਤੰਤਰ ਨੂੰ ਖਤਰੇ ’ਚ ਪਾਉਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮਾਮਲਾ ਵਧਦਾ ਦੇਖ ਕੇ ਅਮਰੀਕੀ ਵ੍ਹਾਈਟ ਹਾਊਸ ਦੀ ਤਰਜਮਾਨ ਨੇ ਕਿਹਾ ਕਿ ਇਸਰਾਈਲ ਨੂੰ ਛੇਤੀ ਤੋਂ ਛੇਤੀ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ। ਨੇਤਨਯਾਹੂ ਨੇ ਗੱਠਜੋੜ ’ਚ ਸ਼ਾਮਲ ਪਾਾਰਟੀਆਂ ਨਾਲ ਸੋਮਵਾਰ ਮੀਟਿੰਗ ਕਰਨੀ ਸੀ, ਜਿਸ ’ਚ ਸਰਕਾਰ ਦਾ ਰੁਖ ਸਾਫ ਹੋ ਜਾਵੇਗਾ। ਆਪੋਜ਼ੀਸ਼ਨ ਦੇ ਆਗੂ ਯੇਰ ਲੈਪਿਡ ਨੇ ਕਿਹਾ ਕਿ ਨੇਤਨਯਾਹੂ ਰੱਖਿਆ ਮੰਤਰੀ ਨੂੰ ਬਰਖਾਸਤ ਕਰ ਸਕਦੇ ਹਨ, ਪਰ ਇਸ ਨਾਲ ਹਕੀਕਤ ਨਹੀਂ ਬਦਲੇਗੀ।
ਜਨਵਰੀ ’ਚ ਇਸਰਾਈਲ ਸਰਕਾਰ ਨੇ ਇਕ ਮਤਾ ਪਾਸ ਪੇਸ਼ ਕੀਤਾ ਸੀ, ਜਿਸ ਦੇ ਸੰਸਦ ’ਚ ਪਾਸ ਹੋਣ ਨਾਲ ਸੰਸਦ ਨੂੰ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਪਲਟਣ ਦਾ ਅਧਿਕਾਰ ਮਿਲ ਜਾਵੇਗਾ। ਇਸ ਨੂੰ ‘ਓਵਰਰਾਈ’ ਬਿੱਲ ਦਾ ਨਾਂਅ ਦਿੱਤਾ ਗਿਆ ਹੈ। ਬਿੱਲ ਪਾਸ ਹੋਣ ’ਤੇ ਸੰਸਦ ’ਚ ਜਿਸ ਕੋਲ ਬਹੁਮਤ ਹੋਵੇਗਾ, ਉਹ ਸੁਪਰੀਮ ਕੋਰਟ ਦੇ ਫੈਸਲੇ ਪਲਟ ਦਿਆ ਕਰੇਗਾ। ਲੋਕਾਂ ਦੀ ਸੋਚ ਹੈ ਕਿ ਇਸ ਨਾਲ ਲੋਕਤੰਤਰ ਤੇ ਸੁਪਰੀਮ ਕੋਰਟ ਕਮਜ਼ੋਰ ਹੋਵੇਗੀ। ਨਵੇਂ ਬਿੱਲ ਨਾਲ ਸਰਕਾਰਾਂ ਜੱਜਾਂ ਦੀ ਨਿਯੁਕਤੀ ’ਚ ਦਖਲ ਦੇ ਸਕਦੀਆਂ ਹਨ। ਇਸ ਨਾਲ ਸਹੀ ਤੇ ਨਿਰਪੱਖ ਫੈਸਲੇ ਲੈਣ ਦੀ ਨਿਆਂ ਪਾਲਿਕਾ ਦੀ ਤਾਕਤ ਘੱਟ ਜਾਵੇਗੀ। ਇਸ ਬਿੱਲ ਨੇ ਇਸਰਾਈਲ ਨੂੰ ਇਕ ਤਰ੍ਹਾਂ ਨਾਲ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ। ਇਸਰਾਈਲੀ ਫੌਜ ਦੀ ਰੀੜ੍ਹ ਮੰਨੇ ਜਾਣ ਵਾਲੇ ਰਿਜ਼ਰਵਿਸਟ (ਫੌਜ ਨੂੰ ਸੇਵਾ ਦੇਣ ਵਾਲੇ ਆਮ ਨਾਗਰਿਕ) ਨੇ ਕਿਹਾ ਹੈ ਕਿ ਉਹ ਫੌਜ ਨੂੰ ਸੇਵਾ ਦੇਣ ਤੋਂ ਇਨਕਾਰ ਕਰ ਸਕਦੇ ਹਨ। ਇਸ ਬਿੱਲ ਦਾ ਪੁਲਸ ਅਧਿਕਾਰੀ ਤੇ ਬਿਜ਼ਨਸਮੈਨ ਵੀ ਵਿਰੋਧ ਕਰ ਰਹੇ ਹਨ। 12 ਮਾਰਚ ਨੂੰ ਤੇਲ ਅਵੀਵ ’ਚ ਪ੍ਰੋਟੈੱਸਟ ’ਚ ਪੁਲਸ ਮੁਖੀ ਐਮੀਸ਼ਾਈ ਅਸ਼ੇਦ ਨੇ ਵੀ ਸ਼ਾਮਲ ਹੋ ਕੇ ਸਰਕਾਰ ਨੂੰ ਝਟਕਾ ਦਿੱਤਾ ਸੀ। ਲੋਕਾਂ ਨੇ ਉਨ੍ਹਾ ਦਾ ਤਾੜੀਆਂ ਨਾਲ ਸਵਾਗਤ ਕੀਤਾ ਸੀ। ਹਾਲਾਂਕਿ ਸਰਕਾਰ ਨੇ ਬਾਅਦ ’ਚ ਉਨ੍ਹਾ ਦੀ ਬਦਲੀ ਕਰ ਦਿੱਤੀ ਸੀ। ਇਸੇ ਦੌਰਾਨ ਇਸਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨੇ ਨੇਤਨਯਾਹੂ ਨੂੰ ਅਪੀਲ ਕੀਤੀ ਹੈ ਕਿ ਉਹ ਨਿਆਂ ਪਾਲਿਕਾ ’ਚ ਬਦਲਾਅ ਕਰਨ ਦੀ ਆਪਣੀ ਵਿਵਾਦਿਤ ਯੋਜਨਾ ਨੂੰ ਤੁਰੰਤ ਰੋਕ ਦੇਣ। ਰਾਸ਼ਟਰਪਤੀ ਨੇ ਰੱਖਿਆ ਮੰਤਰੀ ਨੂੰ ਬਰਖਾਸਤ ਕਰਨ ਤੋਂ ਬਾਅਦ ਇਹ ਅਪੀਲ ਕੀਤੀ ਹੈ।