ਨਵੀਂ ਦਿੱਲੀ : ਕਰਨਾਟਕ, ਤਾਮਿਲਨਾਡੂ ਤੇ ਕੇਰਲਾ ਦੇ ਇਲਾਕਾਈ ਬੋਲੀ ਦੇ ਮੁਦਈ ਗਰੁੱਪਾਂ ਤੇ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ ਐੱਸ ਐੱਸ ਏ ਆਈ) ਨੇ ਵੀਰਵਾਰ ਪੈਕੇਟਾਂ ’ਤੇ ਹਿੰਦੀ ਵਿਚ ‘ਦਹੀ’ ਲਿਖਣ ਦਾ ਹੁਕਮ ਸੋਧ ਦਿੱਤਾ ਤੇ ਕਿਹਾ ਕਿ ਇਲਾਕਾਈ ਭਾਸ਼ਾ ਦਾ ਸ਼ਬਦ ਹੀ ਵਰਤਿਆ ਜਾ ਸਕਦਾ ਹੈ। ਕਾਰੋਬਾਰ ਕਰਨ ਵਾਲੇ ਅੰਗਰੇਜ਼ੀ ਵਿਚ ਕਰਡ ਲਿਖ ਕੇ ਬਰੈੱਕਟ ’ਚ ਦਹੀ, ਥਈਰ ਜਾਂ ਮੋਸਾਰੂ ਲਿਖ ਸਕਦੇ ਹਨ। ਕਰਨਾਟਕ ਮਿਲਕ ਫੈਡਰੇਸ਼ਨ, ਜੋ ਵੇਰਕਾ ਵਾਂਗ ਨੰਦਨੀ ਉਤਪਾਦ ਬਣਾਉਦੀ ਹੈ, ਦੇ ਬੋਰਡ ਆਫ ਡਾਇਰੈਕਟਰਜ਼ ਨੇ ਹਿੰਦੀ ਮੜ੍ਹਨ ਦਾ ਦੋਸ਼ ਲਾ ਕੇ ਇਸ ਹੁਕਮ ਦਾ ਵਿਰੋਧ ਕੀਤਾ ਸੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕੇਂਦਰ ’ਤੇ ਹਿੰਦੀ ਮੜ੍ਹਨ ਦਾ ਦੋਸ਼ ਲਾਉਦਿਆਂ ਕਿਹਾ ਸੀ ਕਿ ਅਜਿਹੇ ਹੁਕਮ ਜਾਰੀ ਕਰਨ ਵਾਲਿਆਂ ਨੂੰ ਦੱਖਣੀ ਰਾਜਾਂ ’ਚ ਵੜਨ ਨਹੀਂ ਦਿੱਤਾ ਜਾਵੇਗਾ। ਕਰਨਾਟਕ ਦੇ ਭਾਜਪਾ ਮੁੱਖ ਮੰਤਰੀ ਨੇ ਵੀ ਵਿਰੋਧ ਕੀਤਾ ਸੀ। ਕਰਨਾਟਕ ਵਿਚ 10 ਮਈ ਨੂੰ ਅਸੰਬਲੀ ਚੋਣਾਂ ਹੋ ਰਹੀਆਂ ਹਨ ਤੇ ਉਪਰੋਕਤ ਹੁਕਮ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਸੀ।