ਜਲੰਧਰ : ਕਈ ਦਿਨ ਤੋਂ ਫਰਾਰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਖੁਦਸਾਖਤਾ ਮੁਖੀ ਅੰਮਿ੍ਰਤਪਾਲ ਸਿੰਘ ਦੇ ਪਿੱਛੇ ਲੱਗੀ ਪੁਲਸ ਨੇ ਦੱਸਿਆ ਕਿ ਉਹ ਉਸ ਚਿੱਟੀ ਸਵਿਫਟ ਕਾਰ ਦੀ ਭਾਲ ਕਰ ਰਹੀ ਹੈ, ਜਿਸ ਦਾ ਨੰਬਰ 8168 ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਸ ਕਾਰ ’ਚ ਭੱਜਿਆ। ਇਸ ਦੇ ਨਾਲ ਪੁਲਸ ਨੇ ਉਸ ਨੂੰ ਲੱਭਣ ਲਈ ਡਰੋਨ ਤਾਇਨਾਤ ਕੀਤੇ ਹਨ। ਉਧਰ ਅੰਮਿ੍ਰਤਪਾਲ ਸਿੰਘ ਦੀ ਵੀਡੀਓ ਜਾਰੀ ਹੋਣ ਬਾਅਦ ਹਿਮਾਚਲ ਦੇ ਸਰਹੱਦੀ ਇਲਾਕਿਆਂ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਜੰਮੂ-ਕਸ਼ਮੀਰ ਪੁਲਸ ਨੇ ਕਿਸ਼ਤਵਾੜ ਜ਼ਿਲ੍ਹੇ ’ਚ ਅੰਮਿ੍ਰਤਪਾਲ ਸਿੰਘ ਦੇ ਬਾਡੀਗਾਰਡ ਵਰਿੰਦਰ ਸਿੰਘ ਫੌਜੀ ’ਤੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਵਰਿੰਦਰ ਸਿੰਘ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਜਾਂਚ ਕਰੇਗੀ ਕਿ 2015 ’ਚ ਬਰਖਾਸਤ ਕੀਤੇ ਸਾਬਕਾ ਫੌਜੀ ਜਵਾਨ ਨੇ 2014 ’ਚ ਅਸਲ੍ਹਾ ਲਾਇਸੈਂਸ ਕਿਵੇਂ ਪ੍ਰਾਪਤ ਕੀਤਾ ਅਤੇ ਫਿਰ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਇਸ ਦਾ ਨਵੀਨੀਕਰਨ ਕਰਵਾਉਂਦਾ ਰਿਹਾ।