ਵਾਸ਼ਿੰਗਟਨ : ਵਧਦੀਆਂ ਕੀਮਤਾਂ ਵਿਚਾਲੇ ਅਮਰੀਕਾ ਵਿਚ ਗੈਸ ਸਟੇਸ਼ਨ ਦਾ ਮਾਲਕ ਸਿੱਖ ਆਪਣੇ ਗਾਹਕਾਂ ਨੂੰ ਘੱਟ ਕੀਮਤ ‘ਤੇ ਈਾਧਣ ਵੇਚ ਰਿਹਾ ਹੈ | ਜਸਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਲੱਗਭੱਗ 3,785 ਲੀਟਰ ਗੈਸ ਵੇਚ ਕੇ ਲੱਗਭੱਗ 500 ਡਾਲਰ ਪ੍ਰਤੀ ਦਿਨ ਦਾ ਨੁਕਸਾਨ ਝੱਲ ਰਿਹਾ ਹੈ | ਸੀ ਐੱਨ ਐੱਨ ਦੀ ਰਿਪੋਰਟ ਅਨੁਸਾਰ ਜਸਵਿੰਦਰ ਸਿੰਘ ਆਪਣੇ ਗਾਹਕਾਂ ਨੂੰ ਰਾਹਤ ਦੇਣ ਲਈ ਘੱਟ ਕੀਮਤ ‘ਤੇ ਈਾਧਣ ਵੇਚ ਰਿਹਾ ਹੈ | ਉਸ ਦਾ ਕਹਿਣਾ ਹੈ-ਲੋਕਾਂ ਕੋਲ ਹਾਲ ਦੀ ਘੜੀ ਪੈਸੇ ਨਹੀਂ ਹਨ | ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਇਆ ਹੈ ਕਿ ਜੇ ਉਸ ਕੋਲ ਕੁਝ ਹੈ ਤਾਂ ਲੋਕਾਂ ਦੀ ਮਦਦ ਕਰੋ | ਉਸ ਨੇ ਅੱਗੇ ਕਿਹਾ-ਉਹ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ-ਪੈਸੇ ਕਮਾਉਣਾ ਨਹੀਂ ਅਤੇ ਅਜਿਹਾ ਕਰਕੇ ਉਹ ਬਹੁਤ ਖੁਸ਼ ਹੈ | ਘਾਟੇ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਓਵਰਟਾਈਮ ਕਰਨ ਲਈ ਮਜਬੂਰ ਕੀਤਾ ਹੈ | ਮਾਰਚ ਵਿਚ, ਉਸ ਦੀ ਵਿਕਰੀ ਖਰੀਦ ਲਾਗਤ ਨਾਲੋਂ 10 ਸੈਂਟ ਘੱਟ ਸੀ | ਉਸ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਰੱਬ ਨੇ ਉਸ ਨੂੰ ਮਦਦ ਦਾ ਮੌਕਾ ਦਿੱਤਾ ਹੈ | ਟਵਿੱਟਰ ‘ਤੇ ਲੋਕਾਂ ਵੱਲੋਂ ਜਸਵਿੰਦਰ ਸਿੰਘ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਇਕ ਵਿਅਕਤੀ ਨੇ ਲਿਖਿਆ ਹੈ-ਕੁਝ ਹੀਰੋ ਪੱਗ ਬੰਨ੍ਹਦੇ ਹਨ |





