ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋਫੈਸਰ ਰੇਨੂੰ ਚੀਮਾ ਵਿਗ ਨੇ ਵੀਰਵਾਰ ਕਿਹਾ ਕਿ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ’ਤੇ ਲੱਗੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ, ਜਿਸ ਲਈ ਕਮੇਟੀ ਕਾਇਮ ਕਰ ਦਿੱਤੀ ਹੈ। ਕਮੇਟੀ ’ਚ ਸਿਰਫ ਸਾਬਕਾ ਵਾਈਸ ਚਾਂਸਲਰ ਹੀ ਰੱਖੇ ਗਏ ਹਨ, ਜੋ ਤੈਅ ਸਮੇਂ ’ਚ ਆਪਣੀ ਰਿਪੋਰਟ ਸੌਂਪਣਗੇ।
ਅਹੁਦਾ ਸੰਭਾਲਣ ਬਾਅਦ ਮੀਡੀਆ ਨਾਲ ਪਲੇਠੀ ਮੀਟਿੰਗ ਦੌਰਾਨ ਉਨ੍ਹਾ ਕਿਹਾ ਕਿ ਪੀ ਯੂ ਦੀ ਰੈਂਕਿੰਗ ਨੂੰ ਸੁਧਾਰਨ ਲਈ ਛੇ ਮਹੀਨਿਆਂ ਤੋਂ ਧਾਰਨਾ ਨੂੰ ਸੁਧਾਰਨ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਯੂਨੀਵਰਸਿਟੀ ਰੈਂਕਿੰਗ ’ਚ ਕਿਵੇਂ ਰਹਿੰਦੀ ਹੈ। ਉਨ੍ਹਾ ਕਿਹਾ ਕਿ ਨੈਕ ਮੁਲਾਂਕਣ ਲਈ ਸਵੈ ਅਧਿਐਨ ਰਿਪੋਰਟ ਅਗਲੇ ਦੋ ਦਿਨਾਂ ’ਚ ਭੇਜ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਨੈਕ ਦੀ ਟੀਮ ਪੀ ਯੂ ਦਾ ਦੌਰਾ ਕਰੇਗੀ। ਉਨ੍ਹਾ ਕਿਹਾ ਕਿ ਪੀ ਯੂ ਨੂੰ ਆਪਣੇ ਸਿਲੇਬਸ ਨੂੰ ਲਗਾਤਾਰ ਸੋਧਦੇ ਰਹਿਣਾ ਹੋਵੇਗਾ ਕਿਉਂਕਿ ਅੱਜ ਪ੍ਰਾਈਵੇਟ ਸੰਸਥਾਵਾਂ ਨਵੇਂ ਕੋਰਸ ਲੈ ਕੇ ਆ ਰਹੀਆਂ ਹਨ, ਜਿਸ ਕਾਰਨ ਬੱਚੇ ਉੱਥੇ ਜਾਂਦੇ ਹਨ। ਪੀ ਯੂ ਰੁਜ਼ਗਾਰ ਮੁਖੀ ਅਤੇ ਹੁਨਰਮੰਦ ਕੋਰਸਾਂ ’ਤੇ ਵੀ ਵਿਸ਼ੇਸ਼ ਧਿਆਨ ਦੇਵੇਗੀ ਕਿਉਂਕਿ ਅੱਜ ਦਾ ਯੁੱਗ ਆਈ ਟੀ ਅਤੇ ਏ ਆਈ ਦਾ ਹੈ, ਜਿਸ ’ਚ ਨਵੀਨਤਮ ਤਕਨਾਲੋਜੀ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿਚਕਾਰ ਸੰਤੁਲਨ ਰੱਖਿਆ ਜਾਵੇਗਾ। ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਵੀ ਸੀ ਨੇ ਕਿਹਾ ਕਿ ਉਹ ਜਾਇਜ਼ ਮੰਗਾਂ ਨੂੰ ਵਿਚਾਰ ਕੇ ਨਿਪਟਾਉਣ ਦੀ ਕੋਸ਼ਿਸ਼ ਕਰਨਗੇ। ਇਸ ਦੇ ਬਾਵਜੂਦ ਪ੍ਰਦਰਸ਼ਨ ਹੋਣੇ ਲਾਜ਼ਮੀ ਹਨ ਕਿਉਂਕਿ ਅਸੀਂ ਜਮਹੂਰੀ ਵਿਵਸਥਾ ’ਚ ਹਾਂ। ਉਹ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨਗੇ। ਪ੍ਰੋ. ਵਿੱਗ ਨੇ ਕਿਹਾ ਕਿ ਕੋਈ ਵੀ ਵਿਅਕਤੀ ਮਾਨਤਾਪ੍ਰਾਪਤ ਕਾਲਜਾਂ ਨੂੰ ਭੇਜੀਆਂ ਗਈਆਂ ਨਿਰੀਖਣ ਕਮੇਟੀਆਂ ’ਚ ਚਾਰ-ਪੰਜ ਵਾਰ ਤੋਂ ਵੱਧ ਨਹੀਂ ਜਾ ਸਕੇਗਾ। ਉਨ੍ਹਾ ਕਿਹਾ ਕਿ ਪੀ ਯੂ ਕੈਲੰਡਰ ’ਚ ਸਿਰਫ ਦੋ ਵਾਰੀ ਦੀ ਵਿਵਸਥਾ ਹੈ ਪਰ ਜਦੋਂ ਇਹ ਵਿਵਸਥਾ ਲਾਗੂ ਕੀਤੀ ਗਈ ਉਦੋਂ ਸਿਰਫ 100 ਕਾਲਜ ਸਨ। ਅੱਜ 200 ਦੇ ਕਰੀਬ ਕਾਲਜ ਹਨ, ਇਸ ਲਈ ਦੋ ਦੀ ਥਾਂ 4-5 ਵਾਰ ਹੀ ਕਮੇਟੀ ’ਚ ਜਾ ਸਕਣਗੇ। ਉਨ੍ਹਾ ਆਸ ਪ੍ਰਗਟਾਈ ਕਿ ਕੈਂਪਸ ’ਚ ਕਰੀਬ 700 ਖਾਲੀ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਉਹ ਖੁਦ ਮਹਿਲਾ ਫੈਕਲਟੀ ਮੈਂਬਰਾਂ ਲਈ ਰੋਲ ਮਾਡਲ ਹਨ। ਅੱਠ ਸਾਲ ਤੱਕ ਯੂ ਆਈ ਟੀ ਟੀ ਦੇ ਡਾਇਰੈਕਟਰ ਰਹੇ ਅਤੇ ਹੁਣ ਡੀ ਯੂ ਆਈ ਤੋਂ ਵਾਈਸ ਚਾਂਸਲਰ ਬਣੇ ਹਨ। ਵਾਈਸ ਚਾਂਸਲਰ ਨੇ ਆਪਣੇ ਪਹਿਲੇ ਦਿਨ ਹੀ ਅੰਗਰੇਜ਼ੀ ਵਿਭਾਗ ਦੀ ਪ੍ਰੋਫੈਸਰ ਰੁਮੀਨਾ ਸੇਠੀ ਨੂੰ ਡੀ ਯੂ ਆਈ ਨਿਯੁਕਤ ਕਰ ਦਿੱਤਾ। ਪ੍ਰੋ. ਸੇਠੀ ਨੇ ਡੀਨ ਰਿਸਰਚ ਦੇ ਅਹੁਦੇ ’ਤੇ ਸੀਨੀਆਰਤਾ ਦੀ ਅਣਦੇਖੀ ਸੰਬੰਧੀ ਚਾਂਸਲਰ ਨੂੰ ਪੱਤਰ ਲਿਖਿਆ ਸੀ। ਉਸ ਸਮੇਂ ਦੇ ਪ੍ਰੋ. ਰਾਜਕੁਮਾਰ ਨੇ ਯੂਸੋਲ ਦੀ ਪ੍ਰੋਫੈਸਰ ਯੋਜਨਾ ਰਾਵਤ, ਜੋ ਸੀਨੀਆਰਤਾ ’ਚ ਬਹੁਤ ਘੱਟ ਸੀ, ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਸੀ।