ਜਲੰਧਰ (ਕੇਸਰ)
ਗਦਰ ਪਾਰਟੀ ਦਾ 110ਵਾਂ ਸਥਾਪਨਾ ਦਿਵਸ 21 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਮਨਾਇਆ ਜਾ ਰਿਹਾ ਹੈ | ਇਹ ਫੈਸਲਾ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੀਟਿੰਗ ‘ਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਅਜਮੇਰ ਸਿੰਘ ਸਮਰਾ ਨੇ ਕੀਤੀ | ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਵਾਰ ਗਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਬੀਬੀ ਕਿ੍ਸ਼ਨਾ ਕਰੇਗੀ | ਫਿਰ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ | ਮੁੱਖ ਵਕਤਾ ਵੱਲੋਂ ਗਦਰੀਆਂ ਦੀ ਸੋਚ ਨਾਲ ਜੋੜ ਕੇ ਅੱਜ ਦੇ ਹਾਲਾਤ ‘ਤੇ ਲੈਕਚਰ ਹੋਵੇਗਾ | ਮੀਟਿੰਗ ਵਿੱਚ ਫੈਸਲਾ ਹੋਇਆ ਕਿ ਜਲਦੀ ਹੀ ਗਦਰੀ ਬਾਬਾ ਕੇਸਰ ਸਿੰਘ ਠੱਠਗੜ੍ਹ ਦੀ ਜੀਵਨੀ ਤੇ ਹੋਰ ਗਦਰੀ ਸਾਹਿਤ ਕਮੇਟੀ ਵੱਲੋਂ ਪ੍ਰਕਾਸ਼ਤ ਕੀਤਾ ਜਾਵੇਗਾ ਤੇ ਪਿੰਡਾਂ, ਸ਼ਹਿਰਾਂ ਤੱਕ ਪਹੁੰਚਾ ਕੇ ਪੰਜਾਬ ਦੀ ਜਵਾਨੀ ਨੂੰ ਗਦਰੀਆਂ ਦੀ ਸੋਚ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਕਿਉਂਕਿ ਇਸ ਵੇਲੇ ਦੇਸ਼ ਦੇ ਹਾਲਾਤ ਗਦਰੀਆਂ ਦੀ ਸੋਚ ਦੇ ਬਿਲਕੁੱਲ ਉਲਟ ਹਨ | ਮੋਦੀ ਸਰਕਾਰ ਦੇਸ਼ ‘ਚ ਫਿਰਕੂ ਜ਼ਹਿਰ ਘੋਲ ਰਹੀ ਹੈ | ਲੋਕਾਂ ਨੂੰ ਰੋਟੀ, ਰੋਜ਼ੀ ਤੇ ਰੁਜ਼ਗਾਰ ਦੇਣ ਦੀ ਬਜਾਏ ਲੜਾਇਆ ਜਾ ਰਿਹਾ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਗਦਰੀ ਬਾਬਿਆਂ ਨੇ ਬਣਾਈ ਤੇ ਹੁਣ ਵੀ ਕਮੇਟੀ ਗਦਰੀਆਂ ਦੀ ਸੋਚ ‘ਤੇ ਪਹਿਰਾ ਦੇ ਰਹੀ ਹੈ ਤੇ ਦਿੰਦੀ ਰਹੇਗੀ | ਮੀਟਿੰਗ ਵਿੱਚ ਸੁਰਿੰਦਰ ਕੌਰ ਲੁਧਿਆਣਾ, ਜਗਜੀਤ ਸਿੰਘ ਬਰਨਾਲਾ, ਹਰਜੀਤ ਸਿੰਘ ਸੀਤੂ ਦੀਵਾਨਾ ਬਰਨਾਲਾ ਦੀ ਮੌਤ ‘ਤੇ ਕਮੇਟੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ |