25.8 C
Jalandhar
Monday, September 16, 2024
spot_img

ਸਾਂਝੀ ਸਹਿਯੋਗੀ ਖੇਤੀ ਵੱਲ ਮੁੜਨ ਦੀ ਲੋੜ : ਜਗਰੂਪ

ਨਿਹਾਲ ਸਿੰਘ ਵਾਲਾ (ਨਛੱਤਰ ਸੰਧੂ)
23 ਮਾਰਚ ਦੇ ਸ਼ਹੀਦ ਪਰਮਗੁਣੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਐਤਵਾਰ ਪਿੰਡ ਬੋਹਨਾ ਵਿੱਚ ਕਿਸਾਨ ਕਾਨਫਰੰਸ ਬਲਵਿੰਦਰ ਸਿੰਘ ਸੈਕਟਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ । ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਕਿਸਾਨ ਸਭਾ ਦੇ ਇਤਿਹਾਸ ਅਤੇ ਲੋਕਾਈ ਲਈ ਲੜੇ ਗਏ ਘੋਲਾਂ ਤੇ ਪ੍ਰਾਪਤੀਆਂ ’ਤੇ ਝਾਤ ਪਾਉਂਦਿਆਂ ਕਿਹਾ ਕਿ ਕਾਮਰੇਡ ਅਰਜਨ ਸਿੰਘ ਭਦੌੜ, ਕਾਮਰੇਡ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਜਗੀਰ ਸਿੰਘ ਜੋਗਾ ਆਦਿ ਦੀ ਅਗਵਾਈ ਹੇਠ ਪੈਪਸੂ ਮੁਜ਼ਾਰਾ ਘੋਲ ਲੜਿਆ ਗਿਆ, ਮੁਜ਼ਾਰਿਆਂ ਨੂੰ ਮਾਲਕੀ ਦਾ ਹੱਕ ਦਿਵਾਇਆ । ਅੱਜ ਵੀ ਜਥੇਬੰਦੀ ਕਿਸਾਨ ਦੀ ਬੇਹਤਰੀ ਲਈ ਲੜ ਰਹੀ ਹੈ।
ਸੂਬਾਈ ਕਿਸਾਨ ਆਗੂ ਕੁਲਦੀਪ ਭੋਲ਼ਾ ਨੇ ਕਿਸਾਨ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕਿਸਾਨ ਦੀ ਹਾਲਤ ਕੋਈ ਕਿਸੇ ਕੋਲੋਂ ਲੁਕੀ-ਛਿਪੀ ਨਹੀਂ, ਜਿੱਥੇ ਸਰਕਾਰਾਂ ਨੇ ਕਿਸਾਨੀ ਨੂੰ ਡੋਬਣ ਦੀ ਕੋਈ ਕਸਰ ਨਹੀਂ ਛੱਡੀ, ਉਪਰੋਂ ਇਸ ਵਾਰ ਦੀ ਫਸਲ ਕੁਦਰਤੀ ਕਰੋਪੀ/ ਬੇਮੌਸਮੀ ਮੀਂਹ ਕਰਕੇ ਖ਼ਰਾਬ ਹੋ ਰਹੀ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਰ ਕਿਸਾਨ ਦਾ ਨੁਕਸਾਨ ਉਸ ਦੇ ਲਾਗਤੀ ਖਰਚੇ ਮੁਤਾਬਕ ਸਰਕਾਰ ਕਿਸਾਨ ਨੂੰ ਮੁਆਵਜ਼ਾ ਦੇਵੇ ।
ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਨੇ ਕਿਹਾ ਕਿ ਲਗਾਤਾਰ ਕਿਸਾਨ ਦੀ ਜ਼ਮੀਨ ਦੀ ਢੇਰੀ ਛੋਟੀ ਹੁੰਦੀ ਜਾ ਰਹੀ ਹੈ ਤੇ ਕਿਸਾਨ ਖੇਤੀ ਤੋਂ ਬਾਹਰ ਜਾ ਰਿਹਾ ਹੈ ਉਸ ਦੇ ਲਾਗਤੀ ਖਰਚੇ ਉਸਦ ੀ ਆਮਦਨ ਦੇ ਮੁਕਾਬਲੇ ਜ਼ਿਆਦਾ ਹਨ। ਉਹਨਾ ਆਪਣੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਾਂਝੀ ਸਹਿਯੋਗੀ ਖੇਤੀ ਵੱਲ ਮੁੜਨਾ ਚਾਹੀਦਾ ਹੈ, ਜਿਸ ਵਿੱਚ ਦਰਮਿਆਨੀ ਖੇਤੀ ਵਾਲੇ ਕਿਸਾਨਾਂ ਨੂੰ ਰਲ ਕੇ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਘੱਟ ਖੇਤੀ ਸਾਧਨਾਂ ਦੇ ਖਰਚਿਆਂ ਨਾਲ ਸਰ ਸਕਦਾ ਹੈ।
ਖੇਤੀ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਦੀ ਪੂਰਤੀ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਖੇਤੀ ਵਿੱਚ ਕਿਸਾਨ ਦੀ ਬੇਹਤਰੀ ਲਈ ਬਦਲਵੀਆਂ ਫਸਲਾਂ, ਜਿਨ੍ਹਾਂ ਦੀ ਸਰਕਾਰ ਖ਼ਰੀਦਣ ਦੀ ਗਰੰਟੀ ਕਰੇ, ਦੀ ਖੇਤੀ ਕਰਨ ਲਈ ਕਿਸਾਨ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
ਇਸ ਮੌਕੇ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਵੱਲੋਂ ਇਨਕਲਾਬੀ ਗੀਤ, ਨਾਟਕ ਤੇ ਕੋਰੀਓਗ੍ਰਾਫੀਆਂ ਕੀਤੀਆਂ ਗਈਆਂ। ਹਰਭਜਨ ਸਿੰਘ ਭੱਟੀ ਬਿਲਾਸਪੁਰ ਵੱਲੋਂ ਵੀ ਇਨਕਲਾਬੀ/ ਧਾਰਮਿਕ ਗੀਤ ਪੇਸ਼ ਕੀਤੇ ਗਏ। ਕਰਮਵੀਰ ਕੌਰ ਬੱਧਨੀ ਨੇ ਸਟੇਜ ਦੀ ਕਾਰਵਾਈ ਚਲਾੳਂੁਦਿਆਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਸਾਰੇ ਲੋਕ ਹੱਕਾਂ ਦੀ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਦੇ ਹੱਥਾਂ ਵਿੱਚ ਹੱਥ ਪਾ ਕੇ ਇਸ ਲੜਾਈ ਨੂੰ ਰਲ ਕੇ ਲੜੀਏ, ਜਿੱਤੀਏ, ਜਿਸ ਨਾਲ ਲਗਾਤਾਰ ਵਧ ਰਹੇ ਗਰੀਬੀ/ ਅਮੀਰੀ ਦੇ ਪਾੜੇ ਨੂੰ ਖਤਮ ਕੀਤਾ ਜਾ ਸਕੇ। ਹਰ ਇਕ ਲਈ ਸਿਹਤ/ ਵਿਦਿਆ ਤੇ ਯੋਗਤਾ ਮੁਤਾਬਕ ਰੁਜ਼ਗਾਰ ਦੀ ਗਰੰਟੀ ਦੇ ਕਾਨੂੰਨ ਦੀ ਪ੍ਰਾਪਤੀ ਕੀਤੀ ਜਾ ਸਕੇ। ਹਰਭਜਨ ਸਿੰਘ ਸਾਬਕਾ ਸਰਪੰਚ ਨੇ ਇਸ ਮੌਕੇ ਇਸ ਕਾਨਫਰੰਸ ਲਈ ਹਰ ਤਰ੍ਹਾਂ ਨਾਲ ਮਦਦ ਕਰਨ ਵਾਲੇ ਪਿੰਡ ਨਿਵਾਸੀ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੂਰਤ ਸਿੰਘ ਧਰਮਕੋਟ, ਪਰਮਜੀਤ ਸਿੰਘ, ਜਸਪਾਲ ਸਿੰਘ ਪਾਲੀ, ਵੀਰ ਸਿੰਘ ਭਾਈਕਾ, ਅਜਾਇਬ ਸਿੰਘ, ਅਮਰਜੀਤ ਸਿੰਘ ਕੈਨੇਡੀਅਨ, ਬਾਬਾ ਭਾਨ ਸਿੰਘ, ਨਛੱਤਰ ਸਿੰਘ, ਰਾਜ ਸਿੰਘ ਸਾਬਕਾ ਮੈਂਬਰ, ਕਿੱਕਰ ਸਿੰਘ, ਗੁਰਦਿੱਤ ਦੀਨਾ, ਜਸਪ੍ਰੀਤ ਕੌਰ ਬੱਧਨੀ ਤੇ ਸਿਕੰਦਰ ਮਧੇਕੇ ਆਦਿ ਆਗੂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles