25 C
Jalandhar
Sunday, September 8, 2024
spot_img

ਚੌਲਾਂ ਦੀ ਪ੍ਰਮਾਣਿਕਤਾ ਸਹਿਤ ਪਛਾਣ ਕੰਪਿਊਟਰ ਸਾਫਟਵੇਅਰ ਨਾਲ ਸੰਭਵ

ਪਟਿਆਲਾ : ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਮਾਣਿਕਤਾ ਸਹਿਤ ਪਛਾਣ ਕਰਨਾ ਹੁਣ ਕੰਪਿਊਟਰ ਸਾਫਟਵੇਅਰ ਰਾਹੀਂ ਸੰਭਵ ਹੈ। ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਇੱਕ ਖੋਜ ਤਹਿਤ ਇੱਕ ਵੈੱਬ-ਅਧਾਰਤ ਟੂਲ ਦਾ ਨਿਰਮਾਣ ਕੀਤਾ ਗਿਆ ਹੈ। ਖੋਜਾਰਥੀ ਕੋਮਲ ਸ਼ਰਮਾ ਨੇ ਡਾ. ਗਣੇਸ਼ ਕੁਮਾਰ ਸੇਠੀ ਅਤੇ ਡਾ. ਰਾਜੇਸ਼ ਕੁਮਾਰ ਬਾਵਾ ਦੀ ਸਾਂਝੀ ਨਿਗਰਾਨੀ ਅਧੀਨ ਇਹ ‘ਆਟੋਮੈਟਿਕ ਰਾਈਸ ਵੈਰਾਇਟੀ ਆਈਡੈਂਟੀਫਿਕੇਸ਼ਨ ਸਿਸਟਮ’ ਨਾਂਅ ਦਾ ਟੂਲ ਤਿਆਰ ਕੀਤਾ ਹੈ, ਜੋ ਮਸ਼ੀਨ ਲਰਨਿੰਗ ਦੀ ਵਰਤੋਂ ਕਰਦਿਆਂ ਚੌਲ ਦੇ ਬੀਜਾਂ ਦੀ ਡਿਜੀਟਲ ਇਮੇਜਿੰਗ ਰਾਹੀਂ ਚੌਲਾਂ ਦੀਆਂ ਕਿਸਮਾਂ ਦੀ ਪਛਾਣ ਅਤੇ ਵਰਗੀਕਰਨ ਕਰਨ ਦੇ ਸਮਰੱਥ ਹੈ।
ਭਾਰਤੀ ਪੇਟੈਂਟ ਦਫਤਰ ’ਚ ਇਸ ਖੋਜ ਕਾਰਜ ਲਈ ਪੇਟੈਂਟ ਵੀ ਦਾਇਰ ਕਰ ਦਿੱਤਾ ਗਿਆ ਹੈ ਅਤੇ ਨਾਮਵਰ ਜਰਨਲਾਂ ’ਚ ਇਸ ਬਾਰੇ ਖੋਜ ਪੱਤਰ ਪ੍ਰਕਾਸ਼ਤ ਕੀਤੇ ਗਏ ਹਨ। ਇਸ ਖੋਜ ਲਈ ਕੋਮਲ ਸ਼ਰਮਾ ਨੂੰ ਤਾਮਿਲਨਾਡੂ ਦੇ ਚੇਨਈ ਵਿਖੇ ਆਯੋਜਿਤ ‘ਮਰੀਨ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ’ ਵਿਚ ‘ਨਵੀਨਤਾਕਾਰੀ ਅਤੇ ਖੋਜ ਬਾਰੇ ਅੰਤਰਰਾਸ਼ਟਰੀ ਕਾਨਫਰੰਸ’ ਦੌਰਾਨ ‘ਸਰਵੋਤਮ ਪੇਪਰ ਅਵਾਰਡ’ ਵੀ ਹਾਸਲ ਹੋ ਚੁੱਕਾ ਹੈ। ਡਾ. ਗਣੇਸ ਕੁਮਾਰ ਸੇਠੀ ਸਹਾਇਕ ਪ੍ਰੋਫੈਸਰ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਦੱਸਿਆ ਕਿ ਮਸ਼ੀਨ ਲਰਨਿੰਗ ਦੀ ਵਰਤੋਂ ਨਾਲ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਵਿਜ਼ੂਅਲ ਵਿਲੱਖਣਤਾਵਾਂ ਦੀ ਪਛਾਣ ਕਰ ਕੇ ਚੌਲਾਂ ਦੇ ਉਤਪਾਦਾਂ ਦੀ ਪ੍ਰਮਾਣਿਕਤਾ ਬਾਰੇ ਪੁਸ਼ਟੀ ਕੀਤੀ ਜਾ ਸਕਦੀ ਹੈ। ਉਨ੍ਹਾ ਕਿਹਾ ਕਿ ਪੰਜਾਬ ਭਾਰਤ ਦਾ ਚੌਲ ਉਤਪਾਦਨ ਕਰਨ ਵਾਲਾ ਇੱਕ ਵੱਡਾ ਰਾਜ ਹੈ। ਇਸ ਖੋਜ ਦੇ ਲਾਭ ਨਾਲ ਕਿਸਾਨੀ ਉਤਪਾਦਕਤਾ ’ਚ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਪੈਦਾ ਕੀਤੇ ਜਾਣ ਵਾਲੇ ਚੌਲ ਦੀ ਗੁਣਵੱਤਾ ਵੀ ਵਧੀਆ ਹੋ ਸਕਦੀ ਹੈ। ਉਨ੍ਹਾ ਕਿਹਾ ਕਿ ਭਵਿੱਖ ’ਚ ਇਹ ਖੋਜ ‘ਬ੍ਰੀਡਿੰਗ ਪ੍ਰਜਨਨ ਪ੍ਰੋਗਰਾਮਾਂ’ ਵਿਚ ਵੀ ਮਦਦਗਾਰ ਹੋ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਚੌਲਾਂ ਦੀਆਂ ਨਵੀਂਆਂ ਅਜਿਹੀਆਂ ਕਿਸਮਾਂ ਨੂੰ ਵਿਕਸਤ ਕਰਨ ’ਚ ਵੀ ਮਦਦ ਮਿਲ ਸਕਦੀ ਹੈ, ਜੋ ਬਿਮਾਰੀਆਂ, ਕੀੜਿਆਂ ਅਤੇ ਜਲਵਾਯੂ ਪਰਿਵਰਤਨ ਪ੍ਰਤੀ ਵਧੇਰੇ ਰੋਧਕ ਹੋਣ। ਸਹਿ-ਨਿਗਰਾਨ ਡਾ. ਰਾਜੇਸ਼ ਕੁਮਾਰ ਬਾਵਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪਛਾਣ ਕਰਨਾ ਇੱਕ ਚੁਣੌਤੀਪੂਰਨ ਕਾਰਜ ਹੈ, ਜਿਸ ਲਈ ਸਟੀਕ ਇਮੇਜ ਵਿਸ਼ਲੇਸ਼ਣ ਤਕਨੀਕਾਂ ਦੀ ਲੋੜ ਹੁੰਦੀ ਹੈ।
ਇਹ ਖੋਜ ਇਸ ਚੁਣੌਤੀ ਨੂੰ ਦੂਰ ਕਰਨ ਦੇ ਯੋਗ ਹੈ। ਸੰਬੰਧਤ ਟੂਲ ਮਸ਼ੀਨ ਲਰਨਿੰਗ ਐਲਗੋਰਿਦਮ ਭਾਵ ਮਸ਼ੀਨੀ ਪੜ੍ਹਤਾਂ ਤੋਂ ਪ੍ਰਾਪਤ ਪ੍ਰਮਾਣਿਤ ਅੰਕੜਿਆਂ ਦੀ ਵਰਤੋਂ ਨਾਲ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਉਨ੍ਹਾਂ ਦੀਆਂ ਰੂਪ ਵਿਗਿਆਨਿਕ, ਬਣਤਰ ਅਤੇ ਰੰਗ ਵਿਸ਼ੇਸ਼ਤਾਵਾਂ ਦੇ ਅਧਾਰ ਉੱਤੇ ਪਛਾਣਦਾ ਅਤੇ ਉਨ੍ਹਾਂ ਦਾ ਵਰਗੀਕਰਨ ਕਰਦਾ ਹੈ। ਖੋਜ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਖੋਜਾਰਥੀ ਕੋਮਲ ਸ਼ਰਮਾ ਨੇ ਕਿਹਾ ਕਿ ਮੰਡੀ ’ਚ ਪ੍ਰਾਪਤ ਚੌਲਾਂ ਦੇ ਉਤਪਾਦਾਂ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ ਚੌਲਾਂ ਦੀਆਂ ਕਿਸਮਾਂ ਦੀ ਪਛਾਣ ਬਹੁਤ ਜ਼ਰੂਰੀ ਹੈ। ਇਸ ਸੰਬੰਧੀ ਵਿਕਾਸ ਲਈ ਇੱਕ ਵੱਡੀ ਚੁਣੌਤੀ ਪੰਜਾਬ ਵਿਚਲੀਆਂ ਉਪਲਬਧ ਕਿਸਮਾਂ ਦੇ ਜਨਤਕ ਬੈਂਚਮਾਰਕ ਇਮੇਜ ਡੈਟਾਸੈੱਟ ਦੀ ਅਣਉਪਲੱਬਧਤਾ ਸੀ।
ਇਸ ਚੁਣੌਤੀ ਨੂੰ ਪੂਰਾ ਕਰਨ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ (ਮਾਝਾ, ਮਾਲਵਾ ਅਤੇ ਦੋਆਬਾ) ’ਚ ਵਧੇਰੇ ਉਗਾਈਆਂ ਜਾਣ ਵਾਲੀਆਂ ਸਾਰੀਆਂ ਕਿਸਮਾਂ ਲਈ ਇੱਕ ਇਮੇਜ ਡੈਟਾਸੈੱਟ ਬਣਾਇਆ ਗਿਆ ਸੀ। ਪੰਜਾਬ ਵਿਚਲੇ ਚੌਲ ਦੀਆਂ ਵੱਖ-ਵੱਖ ਕਿਸਮਾਂ ਨੂੰ ਸ਼੍ਰੇਣੀਬੱਧ ਕਰਨ ਹਿੱਤ ਪ੍ਰਯੋਗਾਂ ਅਤੇ ਚਿੱਤਰਾਂ ਲਈ ਚੌਲਾਂ ਦੇ ਨਮੂਨੇ ਇਕੱਤਰ ਕਰਨ ਲਈ ਬੀਜ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਪ੍ਰਮਾਣਿਤ ਬੀਜ ਸਟੋਰਾਂ ਨਾਲ ਸੰਪਰਕ ਕੀਤਾ ਗਿਆ। ਇਸ ਡੈਟਾਸੈੱਟ ’ਚ ਪੰਜਾਬ ’ਚ ਉਗਾਈਆਂ ਜਾਣ ਵਾਲੀਆਂ 22 ਚੌਲਾਂ ਦੀਆਂ ਕਿਸਮਾਂ (7 ਬਾਸਮਤੀ ਝੋਨੇ ਦੇ ਬੀਜ ਦੀਆਂ ਕਿਸਮਾਂ, 12 ਪਰਮਲ ਝੋਨੇ ਦੇ ਬੀਜ ਦੀਆਂ ਕਿਸਮਾਂ ਅਤੇ 3 ਹੋਰ ਝੋਨੇ ਦੇ ਬੀਜ ਦੀਆਂ ਕਿਸਮਾਂ) ਦੀਆਂ 6 ਲੱਖ ਤੋਂ ਵੱਧ ਤਸਵੀਰਾਂ ਸ਼ਾਮਲ ਹਨ।
ਉਨ੍ਹਾ ਦੱਸਿਆ ਕਿ ਇਸ ਤਰ੍ਹਾਂ ਇਕੱਤਰ ਕੀਤਾ ਡੈਟਾਸੈੱਟ ਹੋਰ ਅਗਲੇਰੀਆਂ ਖੋਜਾਂ ਲਈ ਖੋਜ ਭਾਈਚਾਰੇ ਵਾਸਤੇ ਵੀ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾ ਦੱਸਿਆ ਕਿ ਇਹ ਖੋਜ 97.05% ਤੋਂ ਵੱਧ ਦੀ ਸ਼ੁੱਧਤਾ ਦਰ ਨਾਲ ਪੰਜਾਬ ’ਚ ਪਾਈਆਂ ਜਾਣ ਵਾਲੀਆਂ ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪਛਾਣ ਕਰਨ ਅਤੇ ਵਰਗੀਕਰਨ ਕਰਨ ’ਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਖੋਜ ਦੀ ਸ਼ਲਾਘਾ ਕਰਦਿਆਂ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ਮੀਨੀ ਪੱਧਰ ਦੀਆਂ ਅਜਿਹੀਆਂ ਸਮੱਸਿਆਵਾਂ ਦੇ ਬਿਹਤਰ ਹੱਲ ਲਈ ਅਜਿਹੀ ਨਿਵੇਕਲੀ ਖੋਜ ਕਰਨਾ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਖਾਸੇ ਨੂੰ ਦਰਸਾਉਂਦਾ ਹੈ, ਉੱਥੇ ਹੀ ਅਜਿਹੀਆਂ ਖੋਜਾਂ ਪੰਜਾਬੀ ਯੂਨੀਵਰਸਿਟੀ ਦੇ ਮੁਕੰਮਲ ਖਾਸੇ ਦੇ ਨਿਰਮਾਣ ’ਚ ਵੀ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾ ਕਿਹਾ ਕਿ ਇਹ ਖੋਜ ਖੇਤੀਬਾੜੀ ਸੈਕਟਰ, ਚੌਲ ਦੇ ਵਰਤੋਂਕਾਰਾਂ ਅਤੇ ਵਾਤਾਵਰਣ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਨੂੰ ਲਾਭ ਪਹੁੰਚਾ ਸਕਦੀ ਹੈ।

Related Articles

LEAVE A REPLY

Please enter your comment!
Please enter your name here

Latest Articles