ਨਵੀਂ ਦਿੱਲੀ : ਬੇਮੌਸਮੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨੇ ਤਿੰਨ ਰਾਜਾਂ ’ਚ 5.23 ਲੱਖ ਹੈਕਟੇਅਰ ਤੋਂ ਵੱਧ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਤੇ ਕਣਕ ਦਾ ਝਾੜ ਘਟਣ ਦਾ ਵੀ ਖਦਸ਼ਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵਾਢੀ ਦੀਆਂ ਚੁਣੌਤੀਆਂ ਦਾ ਡਰ ਵੀ ਸਤਾਉਣ ਲੱਗਾ ਹੈ।
ਭਾਰਤ ਕਣਕ ਦੇ ਪ੍ਰਮੁੱਖ ਉਤਪਾਦਕਾਂ ਵਿੱਚੋਂ ਇੱਕ ਹੈ। ਅਧਿਕਾਰੀਆਂ ਅਨੁਸਾਰ ਖਰਾਬ ਮੌਸਮ ਕਾਰਨ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਲੱਗਭੱਗ 5.23 ਲੱਖ ਹੈਕਟੇਅਰ ਕਣਕ ਦੀ ਫਸਲ ਨੂੰ ਨੁਕਸਾਨ ਹੋਣ ਦਾ ਅਨੁਮਾਨ ਹੈ। ਉਨ੍ਹਾ ਦੱਸਿਆ ਕਿ ਪੰਜਾਬ ਅਤੇ ਹਰਿਆਣਾ ’ਚ ਕਣਕ ਦੀ ਫਸਲ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਸਾਲ ਕਣਕ ਦੀ ਬਿਜਾਈ ਲੱਗਭੱਗ 3 ਕਰੋੜ 40 ਲੱਖ ਹੈਕਟੇਅਰ ਵਿਚ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਮੌਜੂਦਾ 2022-23 ਫਸਲੀ ਸਾਲ (ਜੁਲਾਈ-ਜੂਨ) ’ਚ ਰਿਕਾਰਡ 11 ਕਰੋੜ 22 ਲੱਖ ਟਨ ਕਣਕ ਦੀ ਪੈਦਾਵਾਰ ਦਾ ਅਨੁਮਾਨ ਲਗਾ ਰਹੀ ਹੈ। ਕੇਂਦਰੀ ਖੇਤੀਬਾੜੀ ਸਕੱਤਰ ਮਨੋਜ ਅਹੂਜਾ ਨੇ ਦੱਸਿਆ ਕਿ ਸਰਕਾਰ ਤਿੰਨ ਅਪਰੈਲ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਪਿਛਲੇ ਦੋ-ਤਿੰਨ ਦਿਨਾਂ ’ਚ ਪਏ ਬੇਮੌਸਮੀ ਮੀਂਹ ਕਾਰਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਫਸਲਾਂ ਨੂੰ ਹੋਏ ਨੁਕਸਾਨ ਦੀ ਸਮੀਖਿਆ ਕਰੇਗੀ।





